ਦਿਵਿਆਂਗ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ 9 ਤੋਂ 11 ਜੂਨ ਤੱਕ ਅਸੈਸਮੈਂਟ ਕੈਂਪ ਲੱਗਣਗੇ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ
ਦਿਵਿਆਂਗ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ 9 ਤੋਂ 11 ਜੂਨ ਤੱਕ ਅਸੈਸਮੈਂਟ ਕੈਂਪ ਲੱਗਣਗੇ
ਟਰਾਈਸਾਈਕਲ, ਵੀਲਚੇਅਰ, ਨਕਲੀ ਅੰਗ, ਹਿਅਰਿੰਗ ਏਡ, ਗੋਡੇ, ਗਰਦਨ ਤੇ ਸਰਵਾਈਕਲ ਸਹਾਇਕ ਉਪਕਰਣਾਂ ਸਮੇਤ ਹੋਰ ਲੋੜੀਂਦੇ ਸਾਧਨਾਂ ਲਈ ਅਸੈਸਮੈਂਟ ਕੀਤੀ ਜਾਵੇਗੀ
ਰੈੱਡ ਕਰਾਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਉਪਕਰਣਾਂ ਲਈ ਵਿਸ਼ੇਸ਼ ਅਸੈਸਮੈਂਟ ਕੈਂਪ
ਰੂਪਨਗਰ, 05 ਜੂਨ : ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਰੈੱਡ ਕਰਾਸ ਸੋਸਾਇਟੀ ਰੂਪਨਗਰ ਵੱਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਅਤੇ ਲੋੜਵੰਦ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਹ ਕੈਂਪ 9 ਜੂਨ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੂਪਨਗਰ, 10 ਜੂਨ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਆਨੰਦਪੁਰ ਸਾਹਿਬ ਅਤੇ 11 ਜੂਨ 2026 ਨੂੰ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ। ਕੈਂਪਾਂ ਦਾ ਉਦੇਸ਼ ਦਿਵਿਆਂਗ ਅਤੇ ਬਜ਼ੁਰਗ ਨਾਗਰਿਕਾਂ ਦੀਆਂ ਲੋੜਾਂ ਅਨੁਸਾਰ ਸਹਾਇਕ ਉਪਕਰਣ ਮੁਹੱਈਆ ਕਰਵਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਟਰਾਈਸਾਈਕਲ, ਵੀਲਚੇਅਰ, ਨਕਲੀ ਅੰਗ, ਹਿਅਰਿੰਗ ਏਡ, ਗੋਡੇ, ਗਰਦਨ ਅਤੇ ਸਰਵਾਈਕਲ ਸਹਾਇਕ ਉਪਕਰਣਾਂ ਸਮੇਤ ਹੋਰ ਲੋੜੀਂਦੇ ਸਾਧਨਾਂ ਲਈ ਅਸੈਸਮੈਂਟ ਕੀਤੀ ਜਾਵੇਗੀ। ਦਿਵਿਆਂਗ ਵਿਅਕਤੀਆਂ ਲਈ ਯੂ.ਡੀ.ਆਈ.ਡੀ. ਕਾਰਡ, ਆਧਾਰ ਕਾਰਡ ਅਤੇ 22 ਹਜ਼ਾਰ ਰੁਪਏ ਤੋਂ ਘੱਟ ਮਹੀਨਾਵਾਰ ਆਮਦਨ ਦਾ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨਾਂ ਨੂੰ ਆਧਾਰ ਜਾਂ ਵੋਟਰ ਕਾਰਡ, ਬੈਂਕ ਪਾਸਬੁੱਕ ਦੀ ਕਾਪੀ ਅਤੇ 15 ਹਜ਼ਾਰ ਰੁਪਏ ਤੋਂ ਘੱਟ ਮਹੀਨਾਵਾਰ ਆਮਦਨ ਦਾ ਸਰਟੀਫਿਕੇਟ ਨਾਲ ਲਿਆਉਣਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸਥਾਨ ’ਤੇ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਲੋੜਵੰਦ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲੋੜੀਂਦੇ ਸਹਾਇਕ ਉਪਕਰਣ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਸੁਖਾਲੀ ਬਣੇਗੀ। ਵਧੇਰੇ ਜਾਣਕਾਰੀ ਲਈ 95019-36063 ਜਾਂ 93177-03065 ’ਤੇ ਸੰਪਰਕ ਕੀਤਾ ਜਾ ਸਕਦਾ ਹੈ।