ਬੰਦ ਕਰੋ

ਸਿਵਲ ਸਰਜਨ ਵੱਲੋਂ ਟੀਕਾਕਰਣ ਅਤੇ ਜੱਚਾ-ਬੱਚਾ ਸਿਹਤ ਸੇਵਾਵਾਂ ਦਾ ਕੀਤਾ ਨਿਰੀਖਣ

ਪ੍ਰਕਾਸ਼ਨ ਦੀ ਮਿਤੀ : 13/05/2026
Civil Surgeon inspects vaccination and maternal and child health services

ਸਿਵਲ ਸਰਜਨ ਵੱਲੋਂ ਟੀਕਾਕਰਣ ਅਤੇ ਜੱਚਾ-ਬੱਚਾ ਸਿਹਤ ਸੇਵਾਵਾਂ ਦਾ ਕੀਤਾ ਨਿਰੀਖਣ

ਰੂਪਨਗਰ, 13 ਮਈ: ਸਿਹਤ ਵਿਭਾਗ ਵੱਲੋਂ ਹਰੇਕ ਬੁੱਧਵਾਰ ਮਮਤਾ ਦਿਵਸ ਮਨਾਇਆ ਜਾਂਦਾ ਹੈ ਜਿਸ ਤਹਿਤ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਂਦਾ ਹੈ।

ਇਸ ਸਬੰਧੀ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਵੱਲੋਂ ਮਾਤਾ ਦੌਲਤਾਂ ਜੱਚਾ-ਬੱਚਾ ਕੇਅਰ ਯੂਨਿਟ ਵਿਖੇ ਟੀਕਾਕਰਣ ਸੈਸ਼ਨ ਅਤੇ ਜੱਚਾ-ਬੱਚਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ ਗਿਆ।

ਇਸ ਦੌਰੇ ਦੌਰਾਨ ਸਿਵਲ ਸਰਜਨ ਵੱਲੋਂ ਟੀਕਾਕਰਣ ਪ੍ਰਕਿਰਿਆ, ਸੈਸ਼ਨ ਲਈ ਜ਼ਰੂਰੀ ਵੈਕਸੀਨ ਦੀ ਉਪਲਬਧਤਾ, ਰਿਕਾਰਡ ਦੀ ਸੰਭਾਲ, ਲਾਭਪਾਤਰੀਆਂ ਦੀਆਂ ਸੂਚੀ ਅਤੇ ਜੱਚਾ ਅਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਉਨ੍ਹਾਂ ਵੱਲੋਂ ਗਾਇਨੀ ਓ.ਪੀ.ਡੀ. ਦਾ ਵੀ ਨਿਰੀਖਣ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਨੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਲਗਾਏ ਜਾ ਰਹੇ ਟੀਕਿਆਂ ਦੇ ਰਿਕਾਰਡ ਅਤੇ ਕੋਲਡ ਚੇਨ ਪ੍ਰਬੰਧਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਟੀਕਾਕਰਣ ਸੈਸ਼ਨ ਤੋਂ ਪਹਿਲਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਡਿਊ ਲਿਸਟ ਤਿਆਰ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਬੱਚਾ ਟੀਕਾਕਰਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ ਬਣਾਈ ਰੱਖਣ ਲਈ ਵੈਕਸੀਨ ਦੇ ਤਾਪਮਾਨ ਦੀ ਸਹੀ ਸੰਭਾਲ ਬਹੁਤ ਜ਼ਰੂਰੀ ਹੈ।

ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਮੁਕੰਮਲ ਟੀਕਾਕਰਣ ਬੇਹੱਦ ਜ਼ਰੂਰੀ ਹੈ। ਇਹ ਟੀਕੇ ਬੱਚਿਆਂ ਨੂੰ ਕਈ ਗੰਭੀਰ ਅਤੇ ਮਾਰੂ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਸਰੀਰ ਦੀ ਰੋਗ-ਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਖਤਰਨਾਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਐਪੀਡਿਮੋਲੋਜਿਸਟ ਡਾ. ਹਰਸ਼ਰਨ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰੀਤੂ ਅਤੇ ਰਾਕੇਸ਼ ਸਿੰਘ ਵੀ ਹਾਜ਼ਰ ਸਨ।