ਜ਼ਿਲ੍ਹਾ ਪੱਧਰੀ ਕੈਂਪ ਦੁਆਰਾ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਪੱਧਰੀ ਕੈਂਪ ਦੁਆਰਾ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
ਰੂਪਨਗਰ, 08 ਮਈ: ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਖੇਤੀਬਾੜੀ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਬਾਰੇ ਨਵੀਨਤਮ ਅਤੇ ਤਕਨੀਕੀ ਜਾਣਕਾਰੀ ਦੇ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਡਾ. ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਵਿਨੈ ਕੁਮਾਰ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਡਰੀਮ ਡੈਸਟੀਨੇਸ਼ਨ ਪੈਲੇਸ ਰੂਪਨਗਰ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦਾ ਉਦਘਾਟਨ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਡਾ. ਜਗਦੀਸ਼ ਸਿੰਘ ਨੇ ਕੀਤਾ ਅਤੇ ਉਨ੍ਹਾਂ ਨੇ ਵੱਖ-ਵੱਖ ਬਲਾਕਾਂ ਤੋ ਆਏ ਲਗਭਗ 1200 ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪਸ਼ੂ ਪਾਲਣ ਵਿਭਾਗ ਤੋਂ ਪਹੁੰਚੇ ਵੈਟਨਰੀ ਅਫਸਰ ਡਾ. ਮਨਪ੍ਰੀਤ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀਆਂ ਜਾਣਕਾਰੀਆਂ ਦਿੰਦੇ ਹੋਏ ਨੈਸ਼ਨਲ ਐਨੀਮਲ ਡੀਜੀਜ ਕੰਟਰੋਲ ਪ੍ਰੋਗਰਾਮ ਤਹਿਤ ਕੀਤੇ ਜਾਣ ਵਾਲੇ ਮੂੰਹ ਖੁਰ, ਗੱਲ ਘੋਟੂ, ਬਲੈਕ ਕੁਆਟਰ ਅਤੇ ਹੋਰ ਬਿਮਾਰੀਆਂ ਦੀਆਂ ਵੈਕਸੀਨਾਂ ਬਾਰੇ ਜਾਗਰੂਕ ਕੀਤਾ ਅਤੇ ਪਸ਼ੁ ਪਾਲਕਾਂ ਨੂੰ ਵੈਕਸੀਨ ਲਗਾਉਣ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਧੰਦੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ।
ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਤੋਂ ਪਹੁੰਚੇ ਡਾ. ਜਗਮਨਜੋਤ ਸਿੰਘ ਮਾਨ ਨੇ ਝੋਨੇ ਦੀਆਂ ਪੀ.ਏ.ਯੂ ਦੁਆਰਾ ਸਫਾਰਿਸ਼ ਕੀਤੀਆਂ ਗਈਆਂ ਕਿਸਮਾਂ, ਖਾਦਾਂ ਦੀ ਵਰਤੋਂ ਜਿਵੇ ਕਿ ਜੈਵਿਕ, ਜੀਵਾਣੂ ਅਤੇ ਰਸਾਇਣਿਕ ਖਾਦ, ਨਦੀਨਾਂ ਦੀ ਰੋਕਥਾਮ ਅਤੇ ਪੀ.ਏ.ਯੂ ਦੀਆਂ ਪ੍ਰਮੁੱਖ ਕਿਤਾਬਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਤੇ ਡਾ. ਅਕੁੰਰਦੀਪ ਪ੍ਰੀਤੀ ਸਹਾਇਕ ਪ੍ਰੋਫੈਸਰ ਵਣ ਖੇਤੀ ਅਤੇ ਡਾ. ਉਰਵੀ ਸ਼ਰਮਾ (ਪੌਦ ਸੁਰੱਖਿਆ) ਦੁਆਰਾ ਵੱਖ-ਵੱਖ ਵਿਸ਼ੇ ਜਿਵੇਂ ਕਿ ਪਾਪੂਲਰਾਂ ਦੀ ਖੇਤੀ, ਪੌਦ ਸੁਰੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਚਿੱਟੀ ਪਿੱਠ ਵਾਲੇ ਟਿੱਢੇ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਦੱਸਿਆ।
ਜ਼ਿਲ੍ਹਾ ਪਸਾਰ ਵਿਗਿਆਨੀ (ਬਾਗਬਾਨੀ) ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਡਾ. ਅਵਨੀਤ ਕੌਰ ਵੱਲੋਂ ਫਲਦਾਰ ਬਾਗ-ਬੂਟਿਆਂ ਦੀ ਲੁਆਈ ਅਤੇ ਗਰਮੀ ਵਿੱਚ ਫਲਦਾਰ ਬੂਟਿਆਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਫਲ ਮੱਖੀ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ।
ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ. ਦਲਜੀਤ ਸਿੰਘ ਚਲਾਕੀ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਸੰਬੰਧ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਗੰਨਾ ਮਿੱਲ ਮੋਰਿੰਡਾ ਦੇ ਡਾਇਰੈਕਟਰ ਸ੍ਰੀ ਰਣਧੀਰ ਸਿੰਘ ਮਾਜਰੀ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਵਿਨੈ ਕੁਮਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਮੱਕੀ ਵੱਲ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਫਾਰਮਰ ਰਜਿਸਟਰੀ ਕਰਵਾਉਣ, ਪਾਣੀ ਦੀ ਬੱਚਤ, ਖੇਤੀ ਵਿੱਚ ਇਨਪੁਟ ਲਾਗਤ ਘਟਾਉਣ ਅਤੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਕਿਹਾ ਕਿ ਆਧੁਨਿਕ ਅਤੇ ਵਿਗਿਆਨਕ ਖੇਤੀ ਤਰੀਕੇ ਅਪਣਾਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦੇ ਹੋਏ ਇਸ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਹੋਣ ਵਾਲੇ ਲਾਭ ਦੀ ਜਾਣਕਾਰੀ ਦਿੱਤੀ।