ਬੰਦ ਕਰੋ

ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ

ਪ੍ਰਕਾਸ਼ਨ ਦੀ ਮਿਤੀ : 17/04/2026
Every Friday, survey teams were flagged off under the

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ

ਰੂਪਨਗਰ,17 ਅਪ੍ਰੈਲ: ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਿਵਲ ਸਰਜਨ ਰੂਪਨਗਰ ਡਾਕਟਰ ਰਮਨ ਕੁਮਾਰ ਗੁਪਤਾ ਦੀ ਯੋਗ ਅਗਵਾਈ ਹੇਠ ਹਰ ਸ਼ੁੱਕਰਵਾਰ ਨੂੰ ਚਲਾਈ ਜਾ ਰਹੀ ਵਿਸ਼ੇਸ਼ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ਤੇ ਸਰਵੇ ਟੀਮਾਂ ਨੂੰ ਜਿਲਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਵੱਲੋਂ ਹਰੀ ਝੰਡੀ ਦਿਖਾ ਕੇ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤਾ ਗਿਆ।

ਇਸ ਮੁਹਿੰਮ ਦਾ ਉਦੇਸ਼ ਡੇਂਗੂ ਮੱਛਰ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਖਤਮ ਕਰਨਾ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਮੌਕੇ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਅਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਕੇ ਘਰ-ਘਰ ਸਰਵੇ ਕੀਤਾ ਜਾਵੇਗਾ ਤਾਂ ਜੋ ਡੇਂਗੂ ਦੇ ਲਾਰਵੇ ਵਾਲੇ ਸਥਾਨਾਂ ਦੀ ਜਾਂਚ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਅੱਜ ਰਵਾਨਾ ਕੀਤੀਆਂ ਗਈਆਂ 06 ਟੀਮਾਂ ਜਿਨਾਂ ਵਿੱਚ ਮਲਟੀ ਪਰਪਸ ਹੈਲਥ ਵਰਕਰ ਅਤੇ ਨਰਸਿੰਗ ਵਿਦਿਆਰਥਣਾ ਮੌਜੂਦ ਸਨ,ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਘਰਾਂ, ਦੁਕਾਨਾਂ, ਸਕੂਲਾਂ, ਦਫ਼ਤਰਾਂ ਅਤੇ ਜਨਤਕ ਸਥਾਨਾਂ ਦੀ ਜਾਂਚ ਕੀਤੀ ਜਾਵੇਗੀ। ਟੀਮਾਂ ਵੱਲੋਂ ਕੂਲਰਾਂ, ਫਰਿਜ਼ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ, ਛੱਤਾਂ ਉੱਤੇ ਪਏ ਬਰਤਨਾਂ, ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਅਜਿਹੇ ਸਥਾਨਾਂ ਦੀ ਜਾਂਚ ਕੀਤੀ ਜਾਵੇਗੀ ਜਿੱਥੇ ਸਾਫ ਪਾਣੀ ਖੜ੍ਹਾ ਰਹਿੰਦਾ ਹੈ। ਜਿੱਥੇ ਵੀ ਲਾਰਵਾ ਮਿਲੇਗਾ, ਉਥੇ ਤੁਰੰਤ ਨਸ਼ਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁਕਰਵਾਰ ਨੂੰ “ਡ੍ਰਾਈ ਡੇ” ਵਜੋਂ ਮਨਾਉਣ ਅਤੇ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨ ਖਾਲੀ ਕਰਕੇ ਸਾਫ ਕਰਨ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੂਲਰ ਹਫ਼ਤੇ ਵਿੱਚ ਇੱਕ ਵਾਰ ਖਾਲੀ ਕਰਕੇ ਸੁਕਾਏ ਜਾਣ ਅਤੇ ਘਰ ਦੇ ਆਲੇ ਦੁਆਲੇ ਸਫ਼ਾਈ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ ਜਾਂ ਪਲੇਟਲੈਟ ਘਟਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ। ਆਪਣੇ ਆਪ ਦਵਾਈ ਨਹੀਂ ਲੈਣੀ ਚਾਹੀਦੀ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਬੋਬੀ ਗੁਲਾਟੀ, ਜਿਲਾ ਸਿਹਤ ਅਫਸਰ ਡਾਕਟਰ ਵਰਿੰਦਰ ਕੁਮਾਰ, ਜਿਲਾ ਡੈਂਟਲ ਸਿਹਤ ਅਫਸਰ ਡਾਕਟਰ ਰਜਨੀਤ ਬੈਂਸ, ਐਸਐਮਓ ਡਾਕਟਰ ਅਮਰਜੀਤ ਸਿੰਘ, ਜਿਲਾ ਐਪੀਡਮੋਲਜਿਸਟ ਡਾਕਟਰ ਹਰਸ਼ਰਨਜੀਤ ਕੌਰ ਅਤੇ ਡਾਕਟਰ ਹਰਲੀਨ ਕੌਰ, ਏਐਮਓ ਦਿਲਬਾਗ ਸਿੰਘ, ਜਿਲਾ ਸਮੂਹ ਸਿੱਖਿਆ ਸੂਚਨਾ ਅਫਸਰ ਮੈਡਮ ਗੁਰਮੀਤ ਕੌਰ ਅਤੇ ਰਵਿੰਦਰ ਸਿੰਘ, ਐਸਆਈ ਰਣਜੀਤ ਸਿੰਘ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਸਿਹਤ ਕਰਮਚਾਰੀਆਂ ਨੇ ਵੀ ਹਾਜ਼ਰੀ ਭਰੀ।

ਸਿਹਤ ਵਿਭਾਗ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਤੇ ਸਫ਼ਾਈ ਹੀ ਸਭ ਤੋਂ ਵੱਡਾ ਹਥਿਆਰ ਹੈ। ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਆਉਂਟਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਜ਼ਿਲ੍ਹੇ ਨੂੰ ਡੇਂਗੂ ਮੁਕਤ ਰੱਖਿਆ ਜਾ ਸਕੇ।