ਬੰਦ ਕਰੋ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦੌਰਾਨ 11 ਉਮੀਦਵਾਰਾਂ ਦੀ ਚੋਣ

ਪ੍ਰਕਾਸ਼ਨ ਦੀ ਮਿਤੀ : 01/04/2026
11 candidates selected during placement camp at District Employment and Business Bureau, Rupnagar

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦੌਰਾਨ 11 ਉਮੀਦਵਾਰਾਂ ਦੀ ਚੋਣ

ਰੂਪਨਗਰ 01 ਅਪ੍ਰੈਲ: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਹਫਤਾਵਾਰੀ ਪਲੇਸਮੈਂਟ ਕੈਂਪ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ। ਇਹ ਕੈਂਪ ਅਦਿੱਤਿਆ ਡਚਲਵਾਲ, ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਦੀ ਰਹਿਨੁਮਾਈ ਅਤੇ ਸ੍ਰੀਮਤੀ ਚੰਦਰਜਯੋਤੀ ਸਿੰਘ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਰੂਪਨਗਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਹਨ।

ਇਸ ਲੜੀ ਤਹਿਤ ਮਿਤੀ 01 ਅਪ੍ਰੈਲ 2026 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ 2 ਪ੍ਰਾਈਵੇਟ ਕੰਪਨੀਆਂ ਵੱਲੋਂ ਭਾਗ ਲਿਆ ਗਿਆ।

ਮੈਕ ਕਾਨਫਰੰਸ ਅਤੇ ਇਵੈਂਟ ਮੈਨੇਜਮੈਂਟ ਕੰਪਨੀ ਵੱਲੋਂ ਹਲਕਾ ਰੂਪਨਗਰ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪੀਆਰ ਸਟਾਫ ਦੀ ਭਰਤੀ ਲਈ ਗ੍ਰੈਜੂਏਟ ਉਮੀਦਵਾਰਾਂ ਦੇ ਇੰਟਰਵਿਊ ਲਏ ਗਏ। ਚੁਣੇ ਗਏ ਉਮੀਦਵਾਰਾਂ ਨੂੰ 16,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਜਿੰਮੇਵਾਰੀਆਂ ਵਿੱਚ ਪੀਆਰ ਗਤੀਵਿਧੀਆਂ ਦਾ ਪ੍ਰਬੰਧਨ, ਹਿੱਸੇਦਾਰਾਂ ਨਾਲ ਤਾਲਮੇਲ ਅਤੇ ਪ੍ਰੋਗਰਾਮ ਦੀ ਸੁਚਾਰੂ ਵਿਵਸਥਾ ਯਕੀਨੀ ਬਣਾਉਣਾ ਸ਼ਾਮਲ ਹੈ।

ਇਸ ਤੋਂ ਇਲਾਵਾ ਡਿਜੀਟੈੱਕ ਕੰਪਨੀ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਟੈਲੀਕਾਲਰਾਂ ਦੀਆਂ 50 ਅਸਾਮੀਆਂ ਲਈ 12ਵੀਂ ਪਾਸ ਉਮੀਦਵਾਰਾਂ ਦੇ ਇੰਟਰਵਿਊ ਕੀਤੇ ਗਏ। ਚੁਣੇ ਗਏ ਉਮੀਦਵਾਰਾਂ ਨੂੰ 12,000 ਤੋਂ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਕੰਮ ਦਾ ਸਥਾਨ ਮੋਹਾਲੀ ਹੋਵੇਗਾ।

ਇਸ ਪਲੇਸਮੈਂਟ ਕੈਂਪ ਵਿੱਚ ਕੁੱਲ 25 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 11 ਉਮੀਦਵਾਰਾਂ ਦੀ ਮੌਕੇ ‘ਤੇ ਹੀ ਚੋਣ ਕੀਤੀ ਗਈ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਕੈਂਪ ਆਗਾਮੀ ਸਮੇਂ ਵਿੱਚ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।