ਐਸਡੀਐੱਮ ਸੰਭਾਵੀ ਹੜ੍ਹਾਂ ਦੇ ਸਮੇਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਯਕੀਨੀ ਕਰਨ – ਸ਼੍ਰੀ ਅਦਿੱਤਿਆ ਡੇਚਲਵਾਲ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਐਸਡੀਐੱਮ ਸੰਭਾਵੀ ਹੜ੍ਹਾਂ ਦੇ ਸਮੇਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਯਕੀਨੀ ਕਰਨ – ਸ਼੍ਰੀ ਅਦਿੱਤਿਆ ਡੇਚਲਵਾਲ
ਡਿਪਟੀ ਕਮਿਸ਼ਨਰ ਨੇ ਫਲੱਡ ਸੀਜ਼ਨ 2026 ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ
ਰੂਪਨਗਰ, 19 ਫਰਵਰੀ: ਅਗਾਮੀ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਰੂਪਨਗਰ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੁਣ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ।
ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ ਨੂੰ ਹੜ੍ਹ ਤੋਂ ਬਚਾਉਣ ਲਈ ਅਤੇ ਹੜਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਫਲੱਡ ਸੀਜ਼ਨ 2026 ਦੀਆਂ ਤਿਆਰੀਆਂ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਅਤੇ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਪੁੱਖਤਾ ਪ੍ਰਬੰਧ ਕੀਤੇ ਜਾਣ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਆਪਣੇ ਆਪਣੇ ਬਲਾਕਾਂ ਵਿੱਚ ਪੈਂਦੇ ਬੰਨ੍ਹਾਂ, ਨਹਿਰਾਂ ਤੇ ਸੂਇਆਂ ਦਾ ਦੌਰਾ ਕਰਨ ਦੀ ਹਦਾਇਤ ਕਰਦਿਆਂ ਹੋਣ ਵਾਲੇ ਜ਼ਰੂਰੀ ਕੰਮ ਕਰਵਾਉਣ ਲਈ ਕਿਹਾ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹੇ ਦੇ ਕਾਰਜ ਸਾਧਕ ਅਫਸਰਾਂ ਨੂੰ ਸ਼ਹਿਰਾਂ ਦੇ ਪਾਣੀ ਦੀ ਨਿਕਾਸੀ ਅਤੇ ਨਾਲਿਆਂ ਦੀ ਸਾਫ਼-ਸਫਾਈ ਕਰਵਾਉਣ ਦੇ ਹੁਕਮ ਦਿੱਤੇ ਤਾਂ ਜੋ ਮਾਨਸੂਨ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਇਸ ਦੇ ਨਾਲ ਹੀ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਵਿੱਚ ਮੌਜ਼ੂਦ ਮਸ਼ੀਨਰੀ ਅਤੇ ਹੋਰ ਯੰਤਰਾਂ ਨੂੰ ਵੀ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਗਿਆ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਮਨਰੇਗਾ ਅਧੀਨ ਕੀਤੇ ਜਾਣ ਵਾਲੇ ਹੜ੍ਹ ਸੁਰੱਖਿਆ ਕਾਰਜ, ਡਰੇਨਾਂ, ਸੂਏ ਦੀ ਸਫ਼ਾਈ ਯਕੀਨੀ ਕਰਨਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਉਹ ਖੁਦ ਜਾ ਕੇ ਕਰਨ ਅਤੇ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਬੀਡੀਪੀਓਜ਼ ਨੂੰ ਪਿੰਡਾਂ ਵਿੱਚ ਮੌਜ਼ੂਦ ਟੋਬਿਆਂ ਦੀ ਸਫਾਈ ਕਰਵਾਉਣ ਦੇ ਵੀ ਹੁਕਮ ਦਿੱਤੇ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਦਰਿਆਵਾਂ/ਨਹਿਰਾਂ ਨੇੜੇ ਕੀਤੇ ਗਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਵੀ ਹੁਕਮ ਦਿੱਤੇ ਗਏ।
ਸ਼੍ਰੀ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਜਲ ਮਾਰਗਾਂ (ਡਰੇਨ/ਨਹਿਰਾਂ) ਦੇ ਨੇੜੇ ਜੋ ਵੀ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ। ਉਨ੍ਹਾਂ ਨਹਿਰੀ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕਰਦਿਆਂ ਨਹਿਰਾਂ ਅਤੇ ਡਰੇਨਾਂ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦਾ ਭੂਗੋਲਿਕ ਅਤੇ ਵਿਗਿਆਨਕ ਢੰਗ ਨਾਲ਼ ਸਰਵੇਖਣ ਕੀਤੇ ਜਾਵੇ ਅਤੇ ਇਸ ਤੋਂ ਇਲਾਵਾ ਸਾਰੇ ਪੁੱਲ਼ਾਂ ਅਤੇ ਸੜਕਾਂ ਦੀ ਵੀ ਜਾਂਚ ਕੀਤੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਰਾਹਤ ਅਤੇ ਮੁੜ ਵਸੇਬਾ ਦੀਆਂ ਟੀਮਾਂ ਨੂੰ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਨਾਜ਼ੁਕ ਖੇਤਰਾਂ ਵਿੱਚ ਪਹਿਲ ਦੇ ਆਧਾਰ ’ਤੇ ਹੜ ਰੱਖਿਆ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਜੇਕਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਹੋਣ ਵਾਲੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਵਿਕੇਸ਼ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਚੰਦਰਜਯੋਤੀ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਸ਼੍ਰੀ ਅਭਿਮੰਨਿਊ ਮਲਿਕ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਆਰਟੀਓ ਸ. ਅਰਸ਼ਦੀਪ ਸਿੰਘ ਲੁਬਾਣਾ, ਐਸ.ਡੀ.ਐਮ. ਰੂਪਨਗਰ ਸ. ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਮੋਰਿੰਡਾ ਸ. ਗੁਰਦੇਵ ਸਿੰਘ ਧੰਮ, ਐਸ.ਡੀ.ਐਮ. ਨੰਗਲ ਸ਼੍ਰੀ ਸਚਿਨ ਪਾਠਕ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ. ਜਸਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਬਾਦਲਦੀਨ, ਐਕਸੀਅਨ ਮਾਈਨਿੰਗ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਸ. ਗੁਰਤੇਜ ਸਿੰਘ ਗਰਚਾ ਸਮੇਤ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼, ਤਹਿਸੀਲਦਾਰ, ਕਾਰਜ ਸਾਧਕ ਅਫਸਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।