ਡਿਪਟੀ ਕਮਿਸ਼ਨਰ ਵਲੋਂ ਸਿਵਲ ਸਰਜਨ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਲੋੜੀਂਦੇ ਸਾਧਾਨਾਂ ਤੇ ਸਟਾਫ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀ ਹਦਾਇਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਯੁੱਧ ਨਸ਼ਿਆਂ ਵਿਰੁੱਧ”
ਡਿਪਟੀ ਕਮਿਸ਼ਨਰ ਵਲੋਂ ਸਿਵਲ ਸਰਜਨ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਲੋੜੀਂਦੇ ਸਾਧਾਨਾਂ ਤੇ ਸਟਾਫ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀ ਹਦਾਇਤ
ਐੱਸਐੱਸਪੀ ਨੇ ਆਮ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਵੀ ਸਾਂਝੀ ਕਰਨ ਦੀ ਕੀਤੀ ਅਪੀਲ
ਨਾਰਕੋ ਕੋਰਡੀਨੈਸ਼ਨ ਸੈਂਟਰ (ਨਕਾਰਡ) ਪ੍ਰਣਾਲੀ ਦੀ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਰੂਪਨਗਰ, 23 ਜੂਨ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਨੇ ਨਸ਼ੇ ਦਾ ਖਾਤਮਾ ਕਰਨ ਲਈ ਵੱਡੀ ਮੁਹਿੰਮ ਅਧੀਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਚ ਨਾਰਕੋ ਕੋਰਡੀਨੈਸ਼ਨ ਸੈਂਟਰ (ਨਕਾਰਡ) ਦੀ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਤੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਸਮੂਹ ਐਸ.ਡੀ.ਐਮ ਅਤੇ ਡੀ.ਐਸ.ਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪਿੰਡ ਪੱਧਰ ਤੇ ਕਮੇਟੀਆਂ ਗੁੰਮਰਾਹ ਹੋਏ ਨੌਜਵਾਨਾਂ ਨੂੰ ਜਾਗੂਰਕ ਕਰਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਨੂੰ ਵੇਚਣ ਵਾਲਿਆਂ ਦੀ ਜਾਣਕਾਰੀ ਵੀ ਸਾਂਝੀ ਕਰਨ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਬਲਵਿੰਦਰ ਕੌਰ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਲੋੜੀਂਦੇ ਉਪਕਰਨਾਂ, ਦਵਾਈਆਂ, ਟੈਸਟਿੰਗ ਕਿੱਟਾਂ ਅਤੇ ਲੋੜੀਂਦੇ ਸਟਾਫ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਸ਼ੇ ਦੀ ਆਦਤ ਤੋਂ ਪੀੜ੍ਹਤ ਮਰੀਜ਼ਾਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨ ਲਈ ਮੈਡੀਕਲ ਅਤੇ ਤਕਨੀਕੀ ਢੰਗ ਨਾਲ ਕੌਸਲਿੰਗ ਦੇ ਸੈਸ਼ਨ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਨਸ਼ਾ ਵਿਰੁੱਧ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਸਖ਼ਤੀ ਨਾਲ ਲਾਗੂ ਕਰਨ ਅਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ ਲਈ ਆਮ ਲੋਕਾਂ ਦੀ ਮੱਦਦ ਨਾਲ ਨਸ਼ਾ ਤਸਕਰਾਂ ਖਿਲਾਫ ਵਿਆਪਕ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਜਾਗੂਰਕ ਕਰਕੇ ਇਲਾਜ ਕਰਵਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ, ਇਸ ਲਈ ਨਸ਼ਾ ਮੁਹਿੰਮ ਤਹਿਤ ਹਰ ਅਧਿਕਾਰੀ ਤੈਅ ਕੀਤੀ ਗਈ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਇਸ ਮੌਕੇ ਐੱਸਐੱਸਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਸਿਹਤ ਵਿਭਾਗ ਨੂੰ ਡੋਪ ਟੈਸਟ ਲਈ ਟੈਸਟ ਕਿੱਟਾਂ ਦੀ ਪੂਰਨ ਤੌਰ ਉਤੇ ਭੰਡਾਰ ਕਰਨ ਬਾਰੇ ਕਿਹਾ ਤਾਂ ਜੋ ਗ੍ਰਿਫਤਾਰ ਕੀਤੇ ਗਏ ਹਰ ਮੁਲਜ਼ਮ ਉਤੇ ਬਣਦੀ ਕਾਨੂੰਨੀ ਕਾਰਵਾਈ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੱਖਿਆ ਕਮੇਟੀਆਂ ਵੱਲੋਂ ਦਿੱਤੇ ਸੁਝਾਵਾਂ ਅਤੇ ਸੂਚਨਾ ਉਪਰ ਤੁਰੰਤ ਕਾਰਵਾਈ ਕਰਨੀ ਯਕੀਨੀ ਕੀਤਾ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੇਫ ਪੰਜਾਬ ਚੈਟ ਬੋਟ, ਵਾਟਸ ਐਪ ਨੰਬਰ 9779100200 ਰਾਹੀਂ ਨਸ਼ਿਆਂ ਵਿਰੁੱਧ ਜਾਣਕਾਰੀ ਸਾਂਝੀ ਕਰਨ ਜਿੱਥੇ ਫ਼ੋਨ ਕਰਨ ਵਾਲੇ ਦਾ ਨਾਮ ਸਾਹਮਣੇ ਨਹੀਂ ਆਉਂਦਾ ਅਤੇ ਇਥੇ ਕੇਵਲ ਮੈਸਜ ਕਰਕੇ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਿਸ ਉਪਰੰਤ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਆਈ.ਏ.ਐਸ. ਅੰਡਰ ਟ੍ਰੇਨਿੰਗ ਅਭਿਮਨਯੂ ਮਲਿਕ, ਆਰਟੀਓ ਗੁਰਵਿੰਦਰ ਸਿੰਘ ਜੌਹਲ, ਐਸਪੀ ਗੁਰਦੀਪ ਸਿੰਘ ਗੋਸਲ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਐਸਡੀਐਮ ਰੂਪਨਗਰ ਸੰਜੀਵ ਕੁਮਾਰ, ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸ.ਡੀ.ਐਮ ਮੋਰਿੰਡਾ ਸੁਖਪਾਲ ਸਿੰਘ, ਐਸ.ਡੀ.ਐਮ ਨੰਗਲ ਸਚਿਨ ਪਾਠਕ, ਡੀਐਸਪੀ ਅਜੈ ਸਿੰਘ, ਡੀਐਸਪੀ ਜਸ਼ਨਪ੍ਰੀਤ ਸਿੰਘ, ਡੀਐਸਪੀ ਮਨਜੀਤ ਸਿੰਘ ਔਲਖ, ਡੀਐਸਪੀ ਜਤਿੰਦਰਪਾਲ ਸਿੰਘ, ਡੀਐਸਪੀ ਕੁਲਬੀਰ ਸਿੰਘ ਸਿੱਧੂ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਕੰਵਰਬੀਰ ਸਿੰਘ, ਐਕਸੀਅਨ ਮਾਈਨਿੰਗ ਤੁਸ਼ਾਰ ਗੋਇਲ, ਜ਼ਿਲ੍ਹਾ ਵਣ ਅਫਸਰ ਹਰਜਿੰਦਰ ਸਿੰਘ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਬੀਰਦਵਿੰਦਰ ਸਿੰਘ ਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।