ਰਿਟਾ. ਆਈ.ਏ.ਐਸ (ਸੇਵਾਮੁਕਤ) ਸ਼੍ਰੀ ਸੁਰੇਸ਼ ਕੁਮਾਰ ਨੇ “ਸਤਲੁਜ ਨਦੀ ਬੇਸਿਨ ਪ੍ਰਬੰਧਨ ਅਤੇ ਸੰਭਾਲ ਪ੍ਰੋਗਰਾਮ” ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਵਿਚਾਰ ਵਟਾਂਦਰਾ ਕੀਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰਿਟਾ. ਆਈ.ਏ.ਐਸ (ਸੇਵਾਮੁਕਤ) ਸ਼੍ਰੀ ਸੁਰੇਸ਼ ਕੁਮਾਰ ਨੇ “ਸਤਲੁਜ ਨਦੀ ਬੇਸਿਨ ਪ੍ਰਬੰਧਨ ਅਤੇ ਸੰਭਾਲ ਪ੍ਰੋਗਰਾਮ” ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਵਿਚਾਰ ਵਟਾਂਦਰਾ ਕੀਤਾ
ਰੂਪਨਗਰ, 12 ਜੂਨ: ਸਾਬਕਾ ਪ੍ਰਮੁੱਖ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਡਬਲਯੂ.ਡਬਲਯੂ.ਐਫ ਦੇ ਸੀਨੀਅਰ ਸਲਾਹਕਾਰ ਸ਼੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਸੇਵਾਮੁਕਤ) ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਮੀਟਿੰਗ ਕਰਦਿਆਂ “ਸਤਲੁਜ ਨਦੀ ਬੇਸਿਨ ਪ੍ਰਬੰਧਨ ਅਤੇ ਸੰਭਾਲ ਪ੍ਰੋਗਰਾਮ” ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੀਟਿੰਗ ਵਿੱਚ ਸੇਵਾਮੁਕਤ ਆਈਏਐਸ ਅਧਿਕਾਰੀ ਸ਼੍ਰੀ ਸੁਰੇਸ਼ ਕੁਮਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਯੋਗ ਦੀ ਮੰਗ ਕਰਦਿਆਂ ਨਹਿਰੀ ਪਾਣੀ ਨੂੰ ਸਾਫ਼ ਅਤੇ ਉਸਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਅਤੇ ਨਹਿਰੀ ਵਿਭਾਗ ਨੂੰ ਯੋਜਨਾ ਬਣਾਉਣ ਲਈ ਆਖਿਆ।
ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਪਾਣੀ ਦੀ ਸੁਚੱਜੇ ਢੰਗ ਨਾਲ ਕਿਸ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਕਿਵੇਂ ਬਚਾਉਣਾ ਹੈ। ਇਸ ਦੇ ਨਾਲ ਹੀ ਜਿਹੜੇ ਪਿੰਡ ਸਤਲੁੱਜ ਦਰਿਆ ਦੇ ਕੰਢੇ ਵਸਦੇ ਹਨ, ਉਹ ਲੋਕ ਕਿਵੇਂ ਇਸ ਪਾਣੀ ਦੀ ਵਰਤੋਂ ਕਰਕੇ ਸੁਧਾਰ ਲਿਆ ਸਕਦੇ ਹਨ, ਬਾਰੇ ਵਿਚਾਰ ਚਰਚਾ ਕੀਤੀ ਗਈ।
ਸ਼੍ਰੀ ਸੁਰੇਸ਼ ਕੁਮਾਰ ਵੱਲੋਂ ਪੰਚਾਇਤੀ ਰਾਜ ਵਿਭਾਗ ਨੂੰ ਪਿੰਡਾਂ ਵਿੱਚੋਂ ਵਲੰਟੀਅਰ ਤਿਆਰ ਕਰਨ ਅਤੇ ਪਾਣੀ ਦੀ ਬਰਬਾਦੀ ਦੀ ਰੋਕਥਾਮ ਕਰਨ ਲਈ ਨਵੇਂ ਪ੍ਰੋਗਰਾਮ ਬਣਾਉਣ ਬਾਰੇ ਵੀ ਹਦਾਇਤ ਕੀਤੀ।
ਉਨ੍ਹਾਂ ਵਣ ਵਿਭਾਗ ਨੂੰ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਬਚਾਉਣ ਲਈ ਵੀ ਯੋਜਨਾ ਬਣਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਅੱਜ ਇਹ ਪਹਿਲੀ ਮੀਟਿੰਗ ਸੀ, ਭਵਿੱਖ ਵਿੱਚ ਇਸ ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਅਤੇ ਜੋ ਵੀ ਯੋਜਨਾਵਾਂ ਬਣਾਈਆਂ ਜਾਣਗੀਆਂ, ਉਨ੍ਹਾਂ ਤੇ ਕੰਮ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਆਈ ਹੋਈ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਕਰਨ ਦੇ ਲਈ ਆਪੋ-ਆਪਣੇ ਪੱਧਰ ਤੇ ਯੋਜਨਾ ਉਲੀਕਦੇ ਹੋਏ ਕਮੇਟੀ ਗਠਿਤ ਕਰਕੇ ਕੰਮ ਕਰਨਗੇ ਤੇ ਇਸ ਨੂੰ ਸਫਲ ਬਣਾਉਣਗੇ।
ਇਸ ਮੌਕੇ ਡਬਲਯੂ.ਡਬਲਯੂ.ਐਫ ਦੀ ਕੋਆਰਡੀਨੇਟਰ ਗੀਤਾਂਜਲੀ ਕੰਵਰ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਡੀ.ਐਫ.ਓ ਕੁਲਰਾਜ ਸਿੰਘ, ਡੀ.ਐਫ.ਓ ਹਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਲਜਿੰਦਰ ਗਰੇਵਾਲ, ਕਾਰਜਕਾਰੀ ਇੰਜ. ਮਾਇਨਿੰਗ ਤੁਸ਼ਾਰ ਗੋਇਲ, ਕਾਰਜ ਸਾਧਕ ਅਫਸਰ ਰੂਪਨਗਰ ਅਸ਼ੋਕ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।