ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੈਦਲ ਰੈਲ਼ੀ ਕੀਤੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੈਦਲ ਰੈਲ਼ੀ ਕੀਤੀ
ਰੂਪਨਗਰ, 05 ਜੂਨ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਅੱਜ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਇੱਕ ਪੈਦਲ ਰੈਲੀ ਦਾ ਆਯੋਜਨ ਕੀਤਾ। ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦੇ ਵਾਤਾਵਰਨ ਦਿਵਸ ਦਾ ਖਾਸ ਮੰਤਵ ਵੱਧ ਰਹੀ ਜੰਗਲਾਂ ਦੀ ਕਟਾਈ ਨੂੰ ਘਟਾਉਣਾ ਹੈ।
ਇਹ ਰੈਲੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਕੀਤੀ ਗਈ। ਇਸ ਰੈਲੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ ਨੇ ਹਰੀ ਝ਼ੰਡੀ ਦੇ ਕੇ ਸ਼ਿਵਾਲਿਕ ਸਕੂਲ ਤੋਂ ਰਵਾਨਾ ਕੀਤਾ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਮ ਲਾਲ ਨੇ ਵਾਤਾਵਰਨ ਨੂੰ ਸਾਫ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਾਤਾਵਰਨ ਨੂੰ ਵੇਖਦੇ ਹੋਏ ਜੰਗਲਾਂ ਦੀ ਕਟਾਈ ਦੇ ਸੰਕਟ ਨੂੰ ਹੱਲ ਕਰਨਾ ਲਾਜਮੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਦਾ ਸੰਕਲਪ ਲੈਣ ਨੂੰ ਕਿਹਾ।
ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਇਸ ਖਾਸ ਰੈਲੀ ਦਾ ਆਯੋਜਨ ਜਲਵਾਯੂ ਤਬਦੀਲੀ, ਗਲੋਬਲ ਵਾਰਮਿੰਗ, ਜੰਗਲਾਂ ਦੀ ਕਟਾਈ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਇੱਕ ਯਤਨ ਹੈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਬੱਚਿਆਂ ਦੁਆਰਾ ਬੈਂਡ ਵਜਾ ਕੇ ਰੈਲੀ ਦੀ ਸ਼ੁਰੂਆਤ ਕੀਤੀ। ਇਹ ਰੈਲੀ ਸ਼ਿਵਾਲਿਕ ਸਕੂਲ ਤੋਂ ਸ਼ੁਰੂ ਹੋ ਕੇ ਬੱਚਤ ਚੌਂਕ ਤੋਂ ਹੁੰਦੀ ਹੋਈ ਬੇਲਾ ਚੌਂਕ ਅਤੇ ਫੇਰ ਕੋਰਟ ਕੰਪਲੈਕਸ ਦੇ ਅੱਗੋਂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਜੱਜ ਸਾਹਿਬਾਨ ਵੱਲੋਂ ਬੂਟੇ ਲਗਾਏ ਗਏ। ਇਸ ਦੇ ਨਾਲ ਨਾਲ ਬਾਕੀ ਮੌਜੂਦ ਅਫਸਰਾਂ ਨੇ ਵੀ ਪਾਰਕ ਵਿੱਚ ਬੂਟੇ ਲਗਾ ਕੇ ਸਭਨਾਂ ਨੂੰ ਹੋਰ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ।
ਇਸ ਰੈਲੀ ਵਿੱਚ ਏ.ਡੀ.ਜੇ-ਸਹਿਤ-ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਸ਼੍ਰੀਮਤੀ ਮੋਨਿਕਾ ਗੋਇਲ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੋਹਿਤ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਪ੍ਰਤਿਮਾ ਅਰੋੜਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਪੁਸ਼ਪਿੰਦਰ ਸਿੰਘ, ਸਕੱਤਰ, ਡੀ.ਐਲ.ਐਸ.ਏ ਸ਼੍ਰੀਮਤੀ ਅਮਨਦੀਪ ਕੌਰ, ਜੇ.ਐਮ.ਆਈ.ਸੀ ਸ. ਜਗਮੀਤ ਸਿੰਘ, ਜੇ.ਐਮ.ਆਈ.ਸੀ ਸ਼੍ਰੀਮਤੀ ਜੋਸ਼ਿਕਾ ਸੂਦ, ਜੇ.ਐਮ.ਆਈ.ਸੀ ਮਿਸ ਕਾਮਿਨੀ, ਜੇ.ਐਮ.ਆਈ.ਸੀ ਮਿਸ ਅਨੱਨਿਆ ਰਿਸ਼ੀ, ਜੇ.ਐਮ.ਆਈ.ਸੀ ਮਿਸ ਮਨੀਸ਼ਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਸੁਪਰਡੈਂਟ ਆਫ ਪੁਲਿਸ (ਹੈਡਕਵਾਟਰ) ਸ਼੍ਰੀ ਅਰਵਿੰਦ ਮੀਨਾ ਸ਼ਾਮਲ ਰਹੇ।
ਇਸ ਮੌਕੇ ਪ੍ਰਧਾਨ ਬਾਰ ਐਸੋਸੀਏਸ਼ਨ ਸ. ਹਰਪ੍ਰੀਤ ਸਿੰਘ ਕੰਗ ਦੇ ਨਾਲ-ਨਾਲ ਬਾਰ ਦੇ ਬਾਕੀ ਵਕੀਲ ਸਾਹਿਬਾਨ ਚੀਫ ਐਲ.ਏ.ਡੀ.ਸੀ ਸ. ਰਾਜਬੀਰ ਸਿੰਘ ਰਾਏ, ਸਹਾਇਕ ਐਲ.ਏ.ਡੀ.ਸੀ. ਰੂਪਨਗਰ ਸ਼੍ਰੀ ਅਸ਼ੀਸ਼ ਕੁਮਾਰ, ਜ਼ਿਲ੍ਹਾ ਜੰਗਲਾਤ ਅਫਸਰ ਸ. ਹਰਜਿੰਦਰ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚੇ, ਪ੍ਰਿੰਸੀਪਲ ਸ਼ਿਵਾਲਿਕ ਸਕੂਲ ਸ. ਬਲਜੀਤ ਸਿੰਘ ਅੱਤਰੀ, ਸ਼੍ਰੀ ਵਨੀਤ ਵਰਮਾ ਅਤੇ ਸ਼੍ਰੀ ਅਰੁਨ ਕੁਮਾਰ- ਅਧਿਆਪਕ ਸ਼ਿਵਾਲਿਕ ਸਕੂਲ, ਪ੍ਰਿੰਸੀਪਲ ਸਰਕਾਰੀ ਕੰਨਿਆ ਸਕੂਲ ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਰਜਿੰਦਰ ਕੌਰ ਅਤੇ ਸੁਖਜਿੰਦਰ ਸਿੰਘ- ਅਧਿਆਪਕ ਸਰਕਾਰੀ ਕੰਨਿਆ ਸਕੂਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਸਟਾਫ ਅਤੇ ਜ਼ਿਲ੍ਹੇ ਦੇ ਬਾਕੀ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।