Virtual Live Session under Ghar Ghar Rozgar Scheme

Office of District Public Relations Officer, Rupnagar
Rupnagar – Dated 06 October 2020
6ਵੇਂ ਮੈਗਾ ਰੌਜ਼ਗਾਰ ਮੇਲੇ ਦੌਰਾਨ ਜ਼ਿਲ੍ਹਾ ਰੂਪਨਗਰ ਦੇ 3238 ਬੇਰੌਜ਼ਗਾਰ ਨੌਜ਼ਵਾਨਾਂ ਨੂੰ ਕੌਮੀ, ਕੌਮਾਂਤਰੀ ਤੇ ਸਥਾਨਕ ਅਦਾਰਿਆਂ ਵਿਚ ਨੌਕਰੀਆਂ ਮਿਲੀਆਂ: ਰਾਣਾ ਕੇ.ਪੀ. ਸਿੰਘ
ਪੰਜਾਬ ਸਰਕਾਰ ਵਲੋਂ ਛੇਤੀ ਇਕ ਲੱਖ ਸਰਕਾਰੀ ਨੌਕਰੀਆਂ ਤੇ ਕੀਤੀ ਜਾਵੇਗੀ ਭਰਤੀ
ਆਪਣਾ ਰੌਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਨੌਜ਼ਵਾਨਾਂ ਲਈ ਲੋਨ ਮੇਲਾ ਲਗਾ ਕੇ ਸਰਕਾਰ ਉਨ੍ਹਾਂ ਨੂੰ ਬੈਂਕਾਂ ਤੋਂ ਸਸਤੇ ਰੇਟਾਂ ਤੇ ਕਰਜ਼ਾ ਮੁਹੱਈਆ ਕਰਵਾਏਗੀ
ਰੂਪਨਗਰ, 6 ਅਕਤੂਬਰ:
ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਰ ਮਿਸ਼ਨ ਤਹਿਤ ਸੂਬੇ ਭਰ ਵਿਚ 24 ਸਤੰਬਰ ਤੌਂ 30 ਸਤੰਬਰ ਤੱਕ ਲਗਾਏ ਗੲੈ ਮੈਗਾ ਰੌਜ਼ਗਾਰ ਮੇਲਿਆਂ ਦਾ ਰਸ਼ਮੀ ਸਮਾਪਤੀ ਸਮਾਰੋਹ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੁਅਲ ਲਾਈਵ ਸੈਸ਼ਨ ਦੌਰਾਨ ਸ਼੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਵਰਚੁਅਲ ਲਾਈਵ ਸੈਸ਼ਨ ਵਿਚ ਜ਼ਿਲ੍ਹਾ ਰੂਪਨਗਰ ਤੋਂ ਰਾਣਾ ਕੇ.ਪੀ. ਸਿੰਘ ਸਪੀਕਰ ਵਿਧਾਨ ਸਭਾ ਨੇ ਹਿੱਸਾ ਲਿਆ।
ਸੈਸ਼ਨ ਦੀ ਸਮਾਪਤੀ ਮਗਰੋਂ ਬੇਰੋਜ਼ਗਾਰ ਨੌਜ਼ਵਾਨ ਜਿਨ੍ਹਾਂ ਨੂੰ ਜ਼ਿਲ੍ਹਾਂ ਰੂਪਨਗਰ ਵਿਚ 29 ਸਤੰਬਰ ਨੂੰ ਕਸਬਾ ਬੇਲਾ ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਕੌਮੀ, ਕੌਮਾਂਤਰੀ ਤੇ ਸਥਾਨਕ ਪੱਧਰ ਦੇ ਸਨਅਤੀ ਅਦਾਰਿਆਂ ਵਿਚ ਰੋਜ਼ਗਾਰ ਪ੍ਰਾਪਤ ਹੋਇਆ ਹੈ, ਨੂੰ ਰਾਣਾ ਕੇ.ਪੀ. ਸਿੰਘ ਨੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਰੋਜ਼ਗਾਰ ਪ੍ਰਾਪਤ ਕਰਨ ਵਾਲੇ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ.ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇ ਨਾਲ ਨਾਲ ਉਨ੍ਹਾਂ ਸਖਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਇਸ ਵਿਸ਼ਵੀ ਆਰਥਿਕ ਮੰਦਵਾੜੇ ਦੇ ਦੌਰ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਹਰ ਘਰ ਦੇ ਇਕ ਵਿਅਕਤੀ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਸੀਲੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਰੂਪਨਗਰ ਲਈ ਮਾਣ ਦੀ ਗੱਲ ਹੈ ਕਿ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਨਾਮਵਰ ਕੰਪਨੀਆਂ ਮਾਈਕਰੋ ਸਾਫਟ, ਵਾਇਜੂਸ ਤੇ ਐਚ ਸੀ ਐਲ ਨੇ ਬੇਰੋਜ਼ਗਾਰ ਨੌਜ਼ਵਾਨਾਂ ਲਈ 3 ਲੱਖ ਤੋਂ ਲੈ ਕੇ 43 ਲੱਖ ਰੁਪਏ ਦੇ ਸਾਲਾਨਾ ਪੇਕੇਜ਼ ਆਫਰ ਕੀਤੇ ਹਨ। ਉਨ੍ਹਾਂ ਦੱਸਿਆ ਕਿ 24 ਤੋਂ 30 ਸਤੰਬਰ ਤੱਕ ਲਗਾਏ ਗਏ ਰੋਜ਼ਗਾਰ ਮੇਲਿਆਂ ਵਿਚ 16 ਕੰਪਨੀਆਂ ਨੇ 2300 ਪੜੇ੍ਹ ਲਿਖੇ ਹੁਨਰਮੰਦ ਨੌਜਵਾਨਾਂ ਦੀ ਮੌਕੇ ਤੇ ਜਾਂ ਵਰਚੁਅਲ ਮਾਧਿਅਮ ਰਾਹੀਂ ਇੰਟਰਵਿਊ ਲਈ ਜਿਨ੍ਹਾਂ ਵਿਚੋਂ ਕੁਲ 2226 ਨੌਜਵਾਨਾਂ ਨੂੰ ਨੋਕਰੀਆਂ ਮਿਲੀਆਂ ਹਨ ਜਦਕਿ ਇਕ ਸਤੰਬਰ ਤੋਂ 23 ਸਤੰਬਰ ਤੱਕ ਜ਼ਿਲ੍ਹੇ ਵਿਚ ਲਗਾਏ ਗਏ ਵੱਖ ਵੱਖ ਆਨ ਲਾਈਨ ਤੇ ਫੀਜੀਕਲ ਕੈਂਪਾਂ ਰਾਹੀਂ 1012 ਪ੍ਰਾਰਥੀਆਂ ਨੂੰ ਨੌਕਰੀਆਂ ਮਿਲੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਨੌਕਰੀਆਂ ਤੋਂ ਇਲਾਵਾ 1 ਲੱਖ ਸਰਕਾਰੀ ਨੌਕਰੀਆਂ ਕੱਢ ਰਹੀ ਹੈ।ਉਨ੍ਹਾਂ ਦੱਸਿਆ ਕਿ 50 ਹਜ਼ਾਰ ਸਰਕਾਰੀ ਨੌਕਰੀਆਂ ਇਸੇ ਸਾਲ ਕੱਢੀਆਂ ਜਾਣਗੀਆਂ ਜਦਕਿ ਬਾਕੀ 50 ਸਰਕਾਰੀ ਨੌਕਰੀਆਂ ਦੀ ਭਰਤੀ ਅਗਲੇ ਵਰ੍ਹੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਾਅਦਾ ਹੈ ਹਰ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਉਸ ਦੀ ਲਿਆਕਤ ਹੁਨਰ ਅਤੇ ਪੜ੍ਹਾਈ ਅਨੁਸਾਰ ਨੌਕਰੀ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੁਨੀਆਂ ਦੇ ਹੋਰਨਾਂ ਮੁਲਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨੌਕਰੀ ਜਾਂ ਰੋਜ਼ਗਾਰ ਦੇਣਾ ਸਰਕਾਰ ਦਾ ਕੰਮ ਨਹੀਂ ਸਗੋਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ ਸਰਕਾਰਾਂ ਦਾ ਕੰਮ ਹੈ।ਉਨ੍ਹਾਂ ਕਿਹਾ ਕਿ ਪਰ ਅਸੀਂ `ਕਲਿਆਣਕਾਰੀ ਰਾਜ` ਵਿਚ ਰਹਿੰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਇਹ ਵਚਨਬੱਧਤਾ ਸੀ ਕਿ ਹਰ ਇਕ ਘਰ ਦੇ ਇਕ ਮੈਬਰ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਦਾ ਵਸੀਲਾ ਮੁਹੱਈਆ ਕਰਵਾਇਆ ਜਾਵੇਗਾ ਜਿਸ ਉਤੇ ਅਮਲ ਜਾਰੀ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੀ ਪੂਰੀ ਲਿਆਕਤ,ਹਿੰਮਤ ਤੇ ਜ਼ਜਬੇ ਨਾਲ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹੈ ਅਤੇ ਛੇਤੀ ਹਾਲਤਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ। ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਮੁਸ਼ਕਿਲਾਂ ਜ਼ਿਆਦਾ ਹੁੰਦੀਆ ਹਨ ਅਤੇ ਪੈਸਾ ਘੱਟ ਹੁੰਦਾ ਹੈ। ਪਰ ਜੇਕਰ ਪੁਰੀ ਦ੍ਰਿੜਤਾ ਨਾਲ ਕੰਮ ਕੀਤਾ ਜਾਵੇ ਤਾਂ ਸਮਾਂ ਉਨ੍ਹਾਂ ਦੇ ਹੱਕ ਵਿਚ ਖੜ ਜਾਂਦਾ ਹੈ ਅਤੇ ਉਹ ਤਰੱਕੀ ਦੇ ਨਵੇਂ ਸਿਖਰਾਂ ਤੱਕ ਪਹੁੰਚ ਜਾਂਦੇ ਹਨ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦਸੰਬਰ-ਜਨਵਰੀ ਮਹੀਨੇ `ਚ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਸਵੈ-ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ । ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਪੰਜਾਬ ਸਰਕਾਰ ਵਲੋੋਂ ਛੇਤੀ ਹੀ ਲੋਨ ਮੇਲਾ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਨੌਜਵਾਨ ਜੋ ਆਪਣਾ ਪ੍ਰਾਇਵੇਟ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਆਪਣੀ ਗਰੰਟੀ ਤੇ ਨੌਜਵਾਨਾਂ ਨੂੰ ਸਸਤੇ ਰੇਟ ਤੇ ਬੈਕਾਂ ਤੋਂ ਲੋਨ ਮੁਹੱਈਆ ਕਰਵਾਏ ਜਾਣਗੇ।