Smart Card based One Nation One Ration card service launched

Office of District Public Relations Officer, Rupnagar
Rupnagar Dated 12 September 2020
ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ `ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ` ਸੇਵਾ ਲਾਗੂ
ਜ਼ਿਲ੍ਹਾ ਰੂਪਨਗਰ ਵਿੱਚ ਰਾਣਾ ਕੇ.ਪੀ.ਸਿੰਘ ਨੇ ਕੀਤੀ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ
ਪੰਜਾਬ ਜਾ ਦੇਸ਼ ਦੇ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕਣਗੇ ਲਾਭਪਾਤਰੀ: ਸਪੀਕਰ ਪੰਜਾਬ ਵਿਧਾਨ ਸਭਾ
ਡਿਪੂ ਹੋਲਡਰ ਹੁਣ ਨਹੀਂ ਕਰ ਸਕਣਗੇ ਬਲੈਕ ਮਾਰਕੀਟਿੰਗ
ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ `ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ` ਸੇਵਾ ਨੂੰ ਲਾਗੂ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸਮਾਰਟ ਰਾਸ਼ਨ ਕਾਰਡਾਂ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ।ਚੰਡੀਗੜ੍ਹ ਵਿੱਚ ਇਸ ਸੇਵਾ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਜਦਕਿ ਸੂਬਾ ਭਰ ਵਿੱਚ ਜਿ਼ਲ੍ਹਾ ਪੱਧਰੀ ਸਮਾਗਮਾਂ ਦੌਰਾਨ ਮੰਤਰੀ ਸਾਹਿਬਾਨ ਅਤੇ ਲੋਕਲ ਐਮ.ਐਲ.ਏਜ਼ ਵੱਲੋਂ ਇਨ੍ਹਾਂ ਸਮਾਰਟ ਕਾਰਡਾਂ ਨੂੰ ਵੰਡਣ ਦੀ ਸ਼ੁਰੂਆਤ ਕੀਤੀ ਗਈ ।ਜ਼ਿਲ੍ਹਾ ਰੂਪਨਗਰ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਲਾਂਚ ਕਰਨ ਲਈ ਰਾਣਾ ਕੇ.ਪੀ.ਸਿੰਘ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ ।ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਰਾਣਾ ਕੇ.ਪੀ.ਸਿੰਘ ਨੇ ਦੱਸਿਆ ਕਿ ਹੁਣ ਇਸ ਨਵੀਂ ਯੋਜਨਾ ਦੇ ਤਹਿਤ ਲਾਭਪਾਤਰੀ ਪੰਜਾਬ ਦੇ ਕਿਸੇ ਵੀ ਜਿ਼ਲ੍ਹੇ ਜਾਂ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਸਥਿਤ ਡਿਪੂ ਤੋਂ ਆਪਣਾ ਬਣਦਾ ਅਨਾਜ ਦਾ ਕੋਟਾ ਲੈ ਸਕਣਗੇ।
ਅੱਜ ਦੇ ਇਸ ਸਮਾਗਮ ਵਿਚ ਉਨ੍ਹਾਂ ਨਾਲ ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਰੂਪਨਗਰ,ਸ. ਸੁਖਵਿੰਦਰ ਸਿਘ ਵਿਸਕੀ, ਚੇਅਰਮੈਨ ਇੰਪਰੂਵਮੈਂਟ ਟਰਸਟ ਅਤੇ ਸ੍ਰੀਮਤੀ ਕ੍ਰਿਸ਼ਨਾ ਬੈਂਸ ਚੇਅਰਮੈਨ ਜ੍ਰਿਲ੍ਹਾ ਪਰਿਸ਼ਦ ਰੂਪਨਗਰ ਵੀ ਮੌਜੂਦ ਸਨ।
ਅਪਣੇ ਸੰਬੋਧਨ ਵਿਚ ਰਾਣਾ ਕੇ.ਪੀ.ਸਿੰਘ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜਿਲ੍ਹਾ ਰੂਪਨਗਰ ਵਿੱਚ ਇਸ ਸਮੇਂ ਕੁੱਲ 95219 ਪਰਿਵਾਰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਲਾਭ ਪ੍ਰਾਪਤ ਕਰ ਰਹੇ ਹਨ।ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਏ.ਏ.ਵਾਈ. ਕਾਰਡ ਧਾਰਕਾਂ ਨੂੰ 35 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ ਦਿੱਤੀ ਜਾ ਰਹੀ ਹੈ ਅਤੇ ਪੀ.ਐਚ.ਐਚ. ਕਾਰਡ ਧਾਰਕਾਂ ਨੂੰ 5 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਮੈਂਬਰ ਦਿੱਤੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਇਸ ਸਕੀਮ ਤਹਿਤ 6 ਮਹੀਨੇ ਦੀ ਕਣਕ ਇਕੱਠੀ ਦਿੱਤੀ ਜਾਂਦੀ ਹੈ। ਇਹ ਕਣਕ ਦੀ ਵੰਡ ਈ-ਪੋਜ ਮਸ਼ੀਨਾਂ ਰਾਹੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਹੇਰਾ-ਫੇਰੀ ਨਾ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਕ ਨਵੇਂ ਇਨਕਲਾਬ ਦੀ ਸ਼ੁਰੁਆਤ ਹੈ ਕਿਉਕਿ ਭਾਂਵੇ ਵੈਲਫੇਅਰ ਸਟੇਟ ਦੀ ਸ਼ੁਰੁਆਤ ਵੇਲੇ ਤੋਂ ਸਰਕਾਰਾਂ ਵਲੋਂ ਲੋੜਵੰਦ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਅਧੀਨ ਰਾਸ਼ਨ ਦਿੱਤਾ ਜਾਂਦਾ ਰਿਹਾ, ਪਰ ਉਸ ਪ੍ਰਣਾਲੀ ਵਿਚ ਕਈ ਕਮੀਆਂ ਸਨ । ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰ ਕਈ ਵਾਰ ਗਰੀਬਾਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਨੂੰ ਨਾ ਵੰਡ ਕੇ ,ਖਾਤਿਆਂ ਵਿਚ ਗਲਤ ਐਂਟਰੀ ਕਰ ਦਿੰਦੇ ਸਨ ਅਤੇ ਰਾਸ਼ਨ ਨੂੰ ਬਲੈਕ ਮਾਰਕਿਟ ਵਿਚ ਵੇਚ ਦਿੰਦੇ ਸਨ। ਉਨ੍ਹਾ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਇਸ ਨਵੇਂ ਇਨਕਲਾਬ ਦੀ ਸ਼ੁਰੂਆਤ ਹੋਈ ਹੈl ਉਨ੍ਹਾਂ ਕਿਹਾ ਕਿ ਹੁਣ ਡਿਪੂ ਹੋਲਡਰਾਂ ਵੱਲੋਂ ਕੀਤੇ ਜਾਣ ਵਾਲੇ ਹੇਰ ਫੇਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਜਨਤਾ ਨੂੰ ਇਹ ਅਪੀਲ ਵੀ ਕੀਤੀ ਕਿ ਸਮਾਰਟ ਰਾਸ਼ਨ ਕਾਰਡ ਛੇਤੀ ਹੀ ਉਨ੍ਹਾ ਤੱਕ ਪਹੁੰਚ ਜਾਣਗੇ ਅਤੇ ਜੇਕਰ ਅਜੇ ਵੀ ਕੋਈ ਰਾਸ਼ਨ ਕਾਰਡ ਬਣਾਉਣ ਤੋ ਵਾਂਝਾ ਰਹਿ ਗਿਆ ਹੈ ਤਾਂ ਉਹ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਪਣਾ ਕਾਰਡ ਬਣਵਾ ਸਕਦਾ ਹੈ।
ਉਨ੍ਹਾ ਕਿਹਾ ਕਿ ਇਸ ਸਮਾਰਟ ਰਾਸ਼ਨ ਕਾਰਡ ਦੀ ਮੱਦਦ ਨਾਲ ਕੋਈ ਵੀ ਲਾਭਪਾਤਰੀ ਪਰਿਵਾਰ ਕਿਸੇ ਵੀ ਰਾਜ, ਜਿਲ੍ਹੇ ਜਾਂ ਕਿਸੇ ਵੀ ਡਿਪੂ ਹੋਲਡਰ ਤੋਂ ਆਪਣਾ ਬਣਦਾ ਕਣਕ ਦਾ ਕੋਟਾ ਲੈ ਸਕਦਾ ਹੈ। ਜਿਵੇਂ ਸਾਡੇ ਬੈਂਕ ਦਾ ਏ.ਟੀ.ਐਮ. ਕਾਰਡ ਹੁੰਦਾ ਹੈ, ਉਸ ਤਰਾਂ ਹੀ ਆਕਾਰ ਵਿੱਚ ਛੋਟਾ ਹੁਂਦਾ ਹੈ।ਉਨ੍ਹਾ ਕਿਹਾ ਕਿ ਇਸ ਤਰ੍ਹਾਂ ਇਹ ਕਾਰਡ ਦੀ ਸੰਭਾਲ ਕਰਨੀ ਵੀ ਬਹੁਤ ਸੌਖੀ ਹੈ। ਲਾਭਪਾਤਰੀ ਆਪਣੀ ਜੇਬ ਵਿੱਚ ਹੀ ਪਾ ਕੇ ਇਸ ਨੂੰ ਰੱਖ ਸਕਦਾ ਹੈ ਅਤੇ ਲੋੜ ਪੈਣ ਤੇ ਵਰਤ ਸਕਦਾ ਹੈ।