ਬੰਦ ਕਰੋ

ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 13/05/2020
Distt Coordination Committee Meeting

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 12 ਮਈ 2020

ਰੇਲ ਮੰਤਰੀ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਗੇੜੇ ਵਧਾਉਣ ਦੀ ਮੰਗ ਕਰਾਂਗਾ: ਐੱਮ.ਪੀ ਤਿਵਾੜੀ

ਕਾਂਗਰਸ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਡਿਪਟੀ ਕਮਿਸ਼ਨਰ ਰੂਪਨਗਰ, ਮੋਹਾਲੀ ਨਾਲ ਮੀਟਿੰਗ

ਰੂਪਨਗਰ/, 12 ਮਈ: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਹਲਕੇ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਗੇੜੇ ਵਧਾਉਣ ਤੇ ਯਾਤਰਾ ਦੌਰਾਨ ਆਉਂਦੇ ਹੋਰ ਰੇਲਵੇ ਸਟੇਸਨ ‘ਤੇ ਵੀ ਗੱਡੀਆਂ ਦਾ ਸਟੋਪੇਜ ਦਿੱਤੇ ਜਾਣ ਦੀ ਉਹ ਰੇਲ ਮੰਤਰੀ ਪਿਯੂਸ਼ ਗੋਇਲ ਤੋਂ ਮੰਗ ਕਰਨਗੇ। ਉਹ ਪ੍ਰਵਾਸੀ ਮਜ਼ਦੂਰਾਂ ਦੀ ਪੁਸ਼ਤੈਨੀ ਸੂਬਿਆਂ ‘ਚ ਵਾਪਿਸੀ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਰੂਪਨਗਰ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ‘ਚ ਕਮੇਟੀ ਦੇ ਮੈਂਬਰਾਂ, ਉਦਯੋਗਾਂ ਤੇ ਪਾਰਟੀ ਦੇ ਨੁਮਾਇੰਦਿਆਂ ਤੋਂ ਇਲਾਵਾ, ਸੂਬਾ ਕਾਂਗਰਸ ਦੇ ਕੋਆਰਡੀਨੇਟਰ ਕੈਪਟਨ ਸੰਦੀਪ ਸੰਧੁ, ਜ਼ਿਲ੍ਹਾ ਰੂਪਨਗਰ ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਗਿਰੀਸ਼ ਦਿਆਲਨ ਤੇ ਹੋਰ ਅਫਸਰ ਵੀ ਮੌਜ਼ੂਦ ਰਹੇ।

ਐੱਮ.ਪੀ ਤਿਵਾੜੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਹੋਣ ਵਾਲੀ ਚਰਚਾ ‘ਚ ਉਹ ਹੋਰਨਾਂ ਮੁੱਦਿਆਂ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੀ ਗਿਣਤੀ ਵੱਧ ਤੋਂ ਵੱਧ ਵਧਾਉਣ ਤੇ ਰੇਲਵੇ ਅਫਸਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਮੰਗ ਕਰਨਗੇ। ਇਸੇ ਤਰ੍ਹਾਂ, ਉਹ ਯਾਤਰਾ ਦੌਰਾਨ ਟ੍ਰੇਨ ਦੇ ਹੋਰ ਰੇਲਵੇ ਸਟੇਸ਼ਨਾਂ ‘ਤੇ ਵੀ ਸਟੋਪੇਜ ਦੇਣ ‘ਤੇ ਜੋਰ ਦੇਣਗੇ, ਤਾਂ ਜੋ ਯਾਤਰੀਆਂ ਦੀ ਗਿਣਤੀ ਘੱਟ ਹੋਣ ‘ਤੇ ਖਾਲ੍ਹੀ ਸੀਟਾਂ ‘ਤੇ ਸਬੰਧਤ ਖੇਤਰ ਦੇ ਪ੍ਰਵਾਸੀਆਂ ਨੂੰ ਬਿਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਰਦੇਸ਼ਾਂ ‘ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਭੇਜਣ ਲਈ ਇਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਸੂਬਾ ਤੇ ਕੇਂਦਰ ਸਰਕਾਰਾਂ ਨਾਲ ਕੋਆਰਡੀਨੇਟ ਕਰਕੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਲਾਈ ਕਰਨ ਵਾਲੇ ਪ੍ਰਵਾਸੀਆਂ ਨੂੰ ਸੁਰੱਖਿਅਤ ਘਰ ਭੇਜਣ ਲਈ ਲਗਾਤਾਰ ਕੰਮ ਜਾਰੀ ਹੈ। ਇਸੇ ਤਰ੍ਹਾਂ, ਸਰਕਾਰ ਉਦਯੋਗਾਂ ਦੀ ਹਾਲਤ ਸੁਧਾਰਨ ‘ਤੇ ਵੀ ਧਿਆਨ ਦੇ ਰਹੀ ਹੈ, ਜਿਸ ਕਾਰਨ ਕਈ ਪ੍ਰਵਾਸੀਆਂ ਨੇ ਵਾਪਿਸ ਜਾਣ ਦਾ ਵਿਚਾਰ ਬਦਲ ਲਿਆ ਹੈ। ਜਦਕਿ ਘਰ ਜਾਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਜ਼ਲਦੀ ਪਰਤਣ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ, ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਟ੍ਰੇਨਾਂ ਦੀ ਗਿਣਤੀ ਤੇ ਰੇਲਵੇ ਨਾਲ ਤਾਲਮੇਲ ਦੀ ਸ਼ਿਕਾਇਤ ਕੀਤੀ। ਡੀਸੀ ਮੋਹਾਲੀ ਨੇ ਖੁਲਾਸਾ ਕੀਤਾ ਕਿ ਜ਼ਿਲ੍ਹੇ ਤੋਂ ਲਗਭਗ ਇਕ ਲੱਖ ਪ੍ਰਵਾਸੀਆਂ ਵੱਲੋਂ ਰਜਿਸਟਰ ਕੀਤਾ ਗਿਆ ਹੈ। ਜਿਨ੍ਹਾਂ ਲਈ ਹੁਣ ਤੱਕ 5 ਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਹਨ। ਹਾਲਾਂਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਉਦਯੋਗ ਮੁੜ ਚੱਲਣ ਕਾਰਨ ਕਈ ਪ੍ਰਵਾਸੀਆਂ ਨੇ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਟ੍ਰੇਨਾਂ ਦੀ ਘਾਟ ਤੇ ਰੇਲਵੇ ਨਾਲ ਤਾਲਮੇਲ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੇ। ਇਥੋਂ ਤੱਕ ਕਿ ਰੇਲਵੇ ਵੱਲੋਂ ਟ੍ਰੇਨ ਦੇ ਸ਼ਡਯੂਲ ਦੀ ਕਰੀਬ 4 ਘੰਟੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਪ੍ਰਵਾਸੀਆਂ ਨੂੰ ਸਬੰਧਤ ਇਲਾਕਿਆਂ ‘ਚੋਂ ਲਿਆਉਣ ਤੇ ਸਕ੍ਰੀਨਿੰਗ ਕਰਕੇ, ਭੋਜਨ ਆਦਿ ਮੁਹੱਈਆ ਕਰਵਾਉਣ ਸਮੇਤ ਸਟੇਸ਼ਨ ਭੇਜ ਕੇ ਟ੍ਰੇਨ ਰਾਹੀਂ ਰਵਾਨਾ ਕਰਨ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਤਰੀਆਂ ਨੂੰ ਮੋਹਾਲੀ ਜਾਂ ਸਰਹਿੰਦ ਤੋਂ ਰਵਾਨਾ ਕਰਨ ਨੂੰ ਲੈ ਕੇ ਵੀ ਗੁੰਝਲ ਫਸੀ ਰਹਿੰਦੀ ਹੈ। ਇਸੇ ਤਰ੍ਹਾਂ, ਡੀਸੀ ਰੂਪਨਗਰ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਲਾਈ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਿਸ ਪੁਸ਼ਤੈਨੀ ਸੂਬਿਆਂ ‘ਚ ਸੁਰੱਖਿਅਤ ਭੇਜਣ ਦੀ ਵਚਨਬੱਧਤਾ ਪ੍ਰਗਟਾਈ।

ਉਦਯੋਗਪਤੀਆਂ ਵੱਲੋਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਦੱਸਿਆ ਕਈ ਉਦਯੋਗਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਮਜ਼ਦੂਰਾਂ ਨੂੰ ਸੁਵਿਧਾਵਾਂ ‘ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਇਥੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਮਜ਼ਦੂਰਾਂ ਦਾ ਵੱਡੀ ਗਿਣਤੀ ‘ਚ ਪਲਾਇਣ ਇੰਡਸਟਰੀ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ‘ਤੇ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਮਜ਼ਦੂਰਾਂ ਤੋਂ ਉਨ੍ਹਾਂ ਦੀਆਂ ਫੈਕਟਰੀਆਂ ਬਾਰੇ ਜਾਣਕਾਰੀ ਲੈਣ ਲਈ ਕਿਹਾ, ਤਾਂ ਜੋ ਉਨ੍ਹਾਂ ਵਾਪਿਸ ਨਾ ਜਾਣ ਲਈ ਉਤਸਾਹਿਤ ਕੀਤਾ ਜਾ ਸਕੇ ਤੇ ਜੋ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਪੂਰੀ ਮਦੱਦ ਕੀਤੀ ਜਾਵੇਗੀ।
ਕੈਪਟਨ ਸੰਧੂ ਨੇ ਕਿਹਾ ਕਿ ਰੇਲਵੇ ਨੂੰ ਟ੍ਰੇਨ ‘ਚ ਖਾਲ੍ਹੀ ਸੀਟਾਂ ‘ਤੇ ਰਸਤੇ ‘ਚ ਆਉਂਦੇ ਹੋਰਨਾਂ ਸਟੇਸ਼ਨਾਂ ਦੇ ਯਾਤਰੀਆਂ ਨੂੰ ਵੀ ਬਿਠਾਉਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਰਾਹਤ ਮਿਲੇ। ਜਦੋਂ ਕਿ ਗੁਆਂਢੀ ਸੂਬਿਆਂ ਦੇ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਭੇਜਿਆ ਜਾ ਸਕਦਾ ਹੈ, ਜਿਸ ਤਰ੍ਹਾਂ ਜੰਮੂ ਤੇ ਕਸ਼ਮੀਰ ਲਈ ਹੋ ਰਿਹਾ ਹੈ। ਇਸ ਨਾਲ ਰਾਜਸਥਾਨ, ਹਰਿਆਣਾ ਵਰਗੇ ਸੂਬਿਆਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ।

ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਮੋਹਾਲੀ ਕਾਂਗਰਸ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਮੋਹਾਲੀ ਯੋਜਨਾ ਬੋਰਡ ਦੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ, ਇੰਫੋਟੈਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਕੰਗ, ਮੋਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਪੁਸ਼ਪਿੰਦਰ ਸ਼ਰਮਾ, ਸੁਖਦੇਵ ਸਿੰਘ, ਸਨਅੱਤਕਾਰ ਦੇਵੀ ਦਿਆਲ ਗਰਗ, ਅਨੁਰਾਗ ਅਗਰਵਾਲ, ਸੰਜੀਵ ਗਰਗ, ਐਸਡੀਐਮ ਰੋਪੜ ਹਰਜੀਤ ਕੌਰ, ਐਸਡੀਐਮ ਸ਼੍ਰੀ ਚਮਕੌਰ ਸਾਹਿਬ ਮਨਕੰਵਲ ਸਿੰਘ, ਐਸਡੀਐਮ ਨੰਗਲ ਹਰਪ੍ਰੀਤ ਅਟਵਾਲ, ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਕਨੂ ਅਗਰਵਾਲ, ਅਮਨ ਸਲੈਚ ਵੀ ਮੌਜ਼ੂਦ ਰਹੇ।