ਬੰਦ ਕਰੋ

ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 12/02/2020
Hola Mohalla Meeting

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 11 ਫਰਵਰੀ 2020

ਹੋਲੇ ਮਹੱਲੇ ਦੌਰਾਨ ਸ਼ਰਧਾਲੂਆਂ ਦੀ ਨਿਰਵਿਘਨ ਆਵਾਜਾਈ ਦੇ ਪ੍ਰਬੰਧ ਕੀਤੇ ਜਾਣਗੇ – ਸੋਨਾਲੀ ਗਿਰਿ

ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਨੇ ਕੀਤੀ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ। ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਰੂਪਨਗਰ

11 ਫਰਵਰੀ – ਰਾਸ਼ਟਰੀ ਮਹੱਤਵ ਰੱਖਣ ਵਾਲੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਤਿਉਹਾਰ ਹੌਲਾ-ਮਹੱਲਾ ਦੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ. ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿਟਿੰਗ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ । ਉਨਾਂ ਇਸ ਰਾਸ਼ਟਰੀ ਮਹੱਤਵ ਦੇ ਮੇਲੇ ਦੇ ਸੁਚੱਜੇ ਪ੍ਰਬੰਧ ਕਰਨ ਲਈ ਆਖਿਆ ਅਤੇ ਵਖ ਵਖ ਅਧਿਕਾਰੀਆਂ ਵਲੋਂ ਮੁਖ ਕੰਟਰੋਲ ਰੂਮ ਵਿਚ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਦੀਆਂ ਲਿਸਟਾਂ ਭੇਜਣ ਲਈ ਆਖਿਆ। ਉਨਾ ਕਿਹਾ ਕਿ ਨੰਗਲ ਵਾਲੀ ਸਾਈਡ ਤੋਂ ਆਉਣ ਵਾਲੇ ਟਰੈਫਿਕ ਲਈ ਵਖਰੀ ਪਾਰਕਿੰਗ ਵਾਲੀ ਥਾਂ ਦੀ ਸ਼ਨਾਖਤ ਕੀਤੀ ਜਾਵੇ। ਉਨਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਲਮਾ ਖੇੜਾ-ਕਾਹਨਪੁਰ ਖੂਹੀ ਸੜਕ ਨੂੰ ਤੁਰੰਤ ਠੀਕ ਕਰਾਉਣ ਲਈ ਆਖਿਆ। ਉਨਾ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਵਲੋ ਕੀਤੇ ਜਾਣ ਵਾਲੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ। ਉਨਾਂ ਇਹ ਵੀ ਕਿਹਾ ਕਿ ਪਾਰਕਿੰਗ ਲਈ ਸ਼ਨਾਖਤ ਕੀਤੀਆਂ ਜਾਣ ਵਾਲੀਆਂ ਥਾਵਾਂ ਤੇ ਆਰਜੀ ਪਖਾਨੇ, ਪੀਣ ਵਾਲਾ ਪਾਣੀ, ਲੰਗਰ ਅਤੇ ਰੌਸ਼ਨੀ ਦੀ ਸਹੂਲਤ ਦਿਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਸਬੰਧੀ ਸਪੱਸ਼ਟ ਕਰਦਿਆਂ ਉਨਾਂ ਕਿਹਾ ਕਿ ਇਹ ਲੰਗਰ ਸੜਕਾਂ ਤੋਂ ਢੁੱਕਵੀਂ ਦੂਰੀ ਤੇ ਹੀ ਲਗਾਏ ਜਾਣ ਤਾਂ ਜੋ ਟਰੈਫਿਕ ਵਿੱਚ ਕੋਈ ਅੜਿਕਾ ਨਾ ਲੱਗੇ। ਉਨਾਂ ਇਹ ਵੀ ਕਿਹਾ ਕਿ ਇਨਾਂ ਲੰਗਰਾਂ ਦੇ ਅੱਗੇ ਕੂੜੇਦਾਨ ਜ਼ਰੂਰ ਰਖਵਾਏ ਜਾਣ ਤਾਂ ਜੋ ਕਿਸੇ ਵੀ ਕਿਸਮ ਦੀ ਗੰਦਗੀ ਨਾ ਫੈਲੇ ਅਤੇ ਸਵੱਛਤਾ ਬਣੀ ਰਹੇ। ਉਨਾਂ ਸਿੰਗਲ ਟਾਇਮ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਬਾਰੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਅਫਸਰ ਹਰਦੇਵ ਸਿੰਘ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਅਤੇ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਮੈਨੈਜਰ ਸਾਹਿਬ ਨਾਲ ਹੋਲੇ ਮਹੱਲੇ ਦੇ ਸਬੰਧ ਵਿੱਚ ਇੱਕ ਵੱਖਰੀ ਮੀਟਿੰਗ ਕਰਕੇ ਪ੍ਰਬੰਧਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਕਿਹਾ ।

ਉਨਾਂ ਡਰੇਨੇਜ ਦੇ ਅਧਿਕਾਰੀਆਂ ਨੂੰ ਚਰਨ ਗੰਗਾ ਦੀ ਸਫਾਈ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਇਸ ਸਮੂਚੇ ਖੇਤਰ ਦੀ ਸਫਾਈ ਲਈ ਲਗਭਗ 100 ਸਫਾਈ ਕਰਮਚਾਰੀ ਤੈਨਾਤ ਕੀਤੇ ਜਾਣ। ਉਨਾਂ ਕਿਹਾ ਕਿ ਮੇਲੇ ਵਾਲੇ ਖੇਤਰ ਦੀ ਨਿਰੰਤਰ ਫੋਗਿੰਗ ਅਤੇ ਪਾਣੀ ਦਾ ਛਿੜਕਾਉ ਕੀਤਾ ਜਾਵੇ। ਉਨਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਨਗਰ ਕੋਂਸਲ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਮੂਚੇ ਖੇਤਰ ਵਿੱਚ ਆਰਜ਼ੀ ਪਖਾਨੇ, ਪੀਣ ਵਾਲਾ ਸਾਫ ਪਾਣੀ ਅਤੇ ਰੌਸ਼ਨੀ ਦੇ ਨਿਰਵਿਘਨ ਪ੍ਰਬੰਧ ਕਰਨ ਲਈ ਕਿਹਾ। ਉਨਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਇਸ ਖੇਤਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਐਸ.ਐਸ.ਪੀ. ਰੂਪਨਗਰ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਨੇ ਕਿਹਾ ਕਿ ਮੇਲੇ ਦੌਰਾਨ ਸਾਰੇ ਮੇਲੇ ਨੂੰ ਵੱਖ ਵੱਖ ਸੈਕਟਰਾਂ ਵਿੱਚ ਵੰਡ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ । ਟ੍ਰੈਫਿਕ ਦੇ ਸੁਚੱਜੇ ਪ੍ਰਬੰਧ ਹੋਣਗੇ। ਨਿਰਵਿਘਨ ਸ਼ਟਲ ਬੱਸ ਸਰਵਿਸ ਸ਼ਰਧਾਲੂਆਂ ਲਈ ਚਲਾਈ ਜਾਵੇਗੀ। ਗਲਤ ਥਾਵਾਂ ਉੱਤੇ ਗੱਡੀਆਂ ਪਾਰਕ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਸਾਇਲੈਸਰ ਤੋਂ ਬਿਨਾਂ ਮੋਟਰਸਾਇਕਲ ਚਲਾਉਣ ਵਾਲਿਆਂ ਅਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸ਼੍ਰੀ ਸਵਪਨ ਸ਼ਰਮਾ ਐਸ.ਐਸ.ਪੀ. ਰੂਪਨਗਰ, ਸ਼੍ਰੀ ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ, ਜਗਦੀਪ ਸਿੰਘ ਐਸ.ਪੀ., ਆਲਮ ਵਿਜ਼ੈ ਐਸ.ਪੀ. ,ਮੈਡਮ ਕੰਨੂ ਗਰਗ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।