ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਰਕਾਰੀ ਦਫਤਰਾਂ, ਸਕੂਲਾਂ, ਡਿਸਪੈਂਸਰੀਆਂ ਅਤੇ ਘਰਾਂ ਉੱਤੇ ਵੱਡੀ ਗਿਣਤੀ ਵਿੱਚ ਝੰਡੇ ਲਗਾਏ ਗਏ: ਡਿਪਟੀ ਕਮਿਸ਼ਨਰ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਰਕਾਰੀ ਦਫਤਰਾਂ, ਸਕੂਲਾਂ, ਡਿਸਪੈਂਸਰੀਆਂ ਅਤੇ ਘਰਾਂ ਉੱਤੇ ਵੱਡੀ ਗਿਣਤੀ ਵਿੱਚ ਝੰਡੇ ਲਗਾਏ ਗਏ: ਡਿਪਟੀ ਕਮਿਸ਼ਨਰ
• ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਹਰ ਘਰ ਤਿਰੰਗਾ ਮੁਹਿੰਮ ਦੇ ਸੈਲਫੀ ਸਟੈਂਡ ਉੱਤੇ ਫੋਟੋ ਖਿਚਵਾਈ
• ਜ਼ਿਲ੍ਹਾ ਵਾਸੀਆਂ ਨੂੰ ਆਪੋ-ਆਪਣੇ ਘਰਾਂ ’ਤੇ ਸਨਮਾਨ ਸਹਿਤ ਤਰਿੰਗਾ ਲਹਿਰਾਉਣ ਦੀ ਕੀਤੀ ਅਪੀਲ
ਰੂਪਨਗਰ, 13 ਅਗਸਤ: ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ਵਿੱਢੀ ਗਈ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅੱਜ ਵੱਡੀ ਗਿਣਤੀ ਵਿੱਚ ਸਰਕਾਰੀ ਦਫਤਰਾਂ, ਸਕੂਲਾਂ, ਡਿਸਪੈਂਸਰੀਆਂ, ਵਪਾਰਿਕ ਅਦਾਰਿਆਂ ਅਤੇ ਘਰਾਂ ਉੱਤੇ ਰਾਸ਼ਟਰੀ ਤਿਰੰਗਾ ਲਹਰਾਇਆ ਗਿਆ ਜਿਸ ਨੂੰ ਲੈਕੇ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਹਰ ਘਰ ਤਿਰੰਗਾ ਮੁਹਿੰਮ ਦੇ ਸੈਲਫੀ ਸਟੈਂਡ ਉੱਤੇ ਫੋਟੋ ਖਿਚਵਾਉਣ ਉਪਰੰਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਇਸ ਮੁਹਿੰਮ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਫਲੈਗ ਮਾਰਚ ਅਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਭਾਸ਼ਣ ਅਤੇ ਪੋਸਟਰ ਮੈਕਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਦੇਸ਼ ਦੀ ਆਨ ਅਤੇ ਸ਼ਾਨ ਰਾਸ਼ਟਰੀ ਝੰਡੇ ਦੀ ਮਹੱਹਤਾ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਆਪਣਾ ਅਹਿਮ ਰੋਲ ਅਦਾ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ 72 ਹਜਾਰ ਤੋਂ ਵੱਧ ਕੌਮੀ ਝੰਡੇ ਵੱਖ-ਵੱਖ ਥਾਵਾਂ ’ਤੇ ਉਪਲਬੱਧ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਝੰਡਾ ਲੈਣਾ ਚਾਹੁੰਦਾ ਤਾਂ ਉਹ ਨਜਦੀਕੀ ਬੈਂਕ, ਪੋਸਟ ਆਫਿਸ ਜਾਂ ਸਰਕਾਰੀ ਦਫਤਰ ਤੋਂ ਝੰਡਾ ਖਰੀਦ ਸਕਦਾ ਹੈ।
ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ 20X30 ਅਤੇ 16X24 ਸਾਈਜ਼ ਦੇ ਇਹ ਕੌਮੀ ਝੰਡੇ ਕ੍ਰਮਵਾਰ 25 ਰੁਪਏ ਅਤੇ 18 ਰੁਪਏ ਕੀਮਤ ਅਦਾ ਕਰਕੇ ਚੋਣਵੀਆਂ ਥਾਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਥਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਜ਼ਿਲ੍ਹਾ ਨਾਜਰ ਦੇ ਦਫ਼ਤਰ ਅਤੇ ਨਗਰ ਨਿਗਮ ਕੰਪਲੈਕਸ ਵਿੱਚ ਸਥਿਤ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੋਂ ਸਵੇਰੇ 9 ਤੋਂ 5 ਵਜੇ ਦੇ ਦਰਮਿਆਨ ਵੀ ਖ਼ਰੀਦੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਨੂੰ ਮਿਲੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ, ਜੋ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਸਾਨੂੰ ਸਾਰਿਆਂ ਨੂੰ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਸਿੱਜਦਾ ਕਰਦਿਆਂ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਸਮੇਂ ਇਸ ਦਾ ਸਨਮਾਨ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ।