ਬੰਦ ਕਰੋ

ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਅੰਤਰਰਾਸ਼ਟੀ ਬਾਲੜੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 12/10/2020
Girl Child Day

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 11 ਅਕਤੂਬਰ 2020

ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਅੰਤਰਰਾਸ਼ਟੀ ਬਾਲੜੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ

ਕੇਕ ਕੱਟ ਕੇ ਬਾਲੜੀਆਂ ਦਾ ਮਨਾਇਆ ਗਿਆ ਜਨਮ ਦਿਨ

ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਨਾਮਣਾ ਖੱਟਣ ਵਾਲੀਆਂ ਬੱਚੀਆਂ ਦਾ ਟੈਬਲੇਟ ਦੇ ਕੇ ਕੀਤਾ ਗਿਆ ਸਨਮਾਨ

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਸਮਾਜ ਨੂੰ ਕੁੜੀਆਂ ਪ੍ਰਤੀ ਮਾਨਸਿਕਤਾ ਬਦਲਣ ਦੀ ਅਪੀਲ

ਕਿਹਾ, ਕੁੜੀਆਂ ਨੂੰ ਪੜਾ ਕੇ ਉਹਨਾਂ ਨੂੰ ਆਪਣੇ ਪੈਰਾਂ ਦੇ ਖੜਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ

ਕੁੜੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਲਗਾਏ ਗਏ ਬੂਟੇ

ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਅੰਤਰਰਾਸ਼ਟਰੀ ਬਾਲੜੀ ਦਿਵਸ ਅੱਜ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਛੋਟੀਆਂ ਬੱਚੀਆਂ ਜਿਨ੍ਹਾਂ ਦਾ ਅੱਜ ਜਨਮ ਦਿਨ ਸੀ ਦੇ ਸਬੰਧ ਵਿਚ ਕੇਕ ਕੱਟਿਆ ਗਿਆ ਅਤੇ ਜ਼ਿਲ੍ਹੇ ਵਿੱਚ ਪ੍ਰਸ਼ਾਸਨਿਕ ਅਹੁਦਿਆਂ ਤੇ ਵਿਰਾਜਮਾਨ ਲੜਕੀਆਂ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਦਾ ਸ੍ਰੀਮਤੀ ਸੋਨਾਲੀ ਗਿਰੀ , ਡਿਪਟੀ ਕਮਿਸ਼ਨਰ, ਰੂਪਨਗਰ ਵੱਲੋਂ ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਮੈਕਸ ਫਾਊਡੇਸ਼ਨ ਦੇ ਸਹਿਯੋਗ ਨਾਲ ਸਮਾਗਮ ਵਿੱਚ ਸ਼ਾਮਿਲ ਸਮੂਹ ਵਿੱਦਿਆਰਥਣਾਂ ਨੂੰ ਟੈਬ ਵੀ ਦਿੱਤੇ ਗਏ।

ਇਸ ਮੌਕੇ ਸ੍ਰੀਮਤੀ ਦੀਪਸ਼ਿਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ, ਰੂਪਨਗਰ, ਸ. ਗੁਰਵਿੰਦਰ ਸਿੰਘ ਜੌਹਲ, ਉਪ ਮੰਡਲ ਮੈਜਿਸਟਰੇਟ ਰੂਪਨਗਰ, ਸ੍ਰੀ ਇੰਦਰਪਾਲ, ਸਹਾਇਕ ਕਮਿਸ਼ਨਰ ਜਨਰਲ/ਸ਼ਿਕਾਇਤਾਂ ਰੂਪਨਗਰ, ਡਾ. ਦਵਿੰਦਰ ਕੁਮਾਰ, ਸਿਵਲ ਸਰਜਨ ਰੂਪਨਗਰ, ਸ੍ਰੀ ਯੂ.ਸੀ. ਚਾਵਲਾ, ਡੀ.ਐਸ.ਪੀ. ਰੂਪਨਗਰ ਤੋਂ ਇਲਾਵਾ ਜਿਲ੍ਹੇ ਦੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।

ਸ੍ਰੀਮਤੀ ਸੋਨਾਲੀ ਗਿਰੀ ਨੇ ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿੱਚ ਅੱਜ ਦੇ ਦਿਹਾੜੇ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਕੁੜੀਆਂ ਸਾਡਾ ਮਾਣ ਹਨ। ਇਸ ਕਾਰਨ ਸਾਨੂੰ ਸਭਨਾਂ ਨੂੰ ਕੁੜੀਆਂ ਨੂੰ ਪਿਆਰ ਤੇ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀ ਪੜ੍ਹਾਈ ਤੇ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਸਮਾਜ ਵਿੱਚ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਸਮਾਜ ਤਾਂ ਹੀ ਮਜਬੂਤ ਅਤੇ ਸੰਪੰਨ ਹੋ ਸਕਦਾ ਹੈ ਜੇਕਰ ਅਸੀਂ ਮੁੰਡੀਆਂ ਦੇ ਨਾਲ-ਨਾਲ ਕੁੜੀਆਂ ਲਈ ਵੀ ਸਮਾਨ ਅਧਿਕਾਰ ਪਰਿਵਾਰਿਕ ਪੱਧਰ ਤੋਂ ਲੈ ਕੇ ਸਮਾਜ ਦੇ ਹਰ ਖੇਤਰ ਵਿੱਚ ਲਾਗੂ ਕਰਵਾ ਸਕੀਏ। ਉਹਨਾਂ ਕਿਹਾ ਕਿ ਜੇਕਰ ਇੱਕ ਕੁੜੀ ਪੜ੍ਹਦੀ ਹੈ ਤਾਂ ਉਸ ਨਾਲ ਘੱਟੋ ਘੱਟ ਦੋ ਪਰਿਵਾਰ ਪੜ੍ਹ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਖਬਾਰਾਂ ਦੀਆਂ ਸੂਰਖੀਆਂ ਦੱਸਦੀਆਂ ਹਨ ਕਿ ਪੜਾਈ ਦੇ ਨਾਲ-ਨਾਲ ਹਰ ਖੇਤਰ ਵਿੱਚ ਮੁੰਡੀਆਂ ਨਾਲੋਂ ਮੋਹਰੀ ਸਥਾਨ ਹਾਸਲ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਮਾਂ-ਬਾਪ ਦੀਆਂ ਤਿੰਨ ਧੀਆਂ ਹਨ। ਜਿਨ੍ਹਾਂ ਵਿੱਚੋਂ ਉਹਨਾਂ ਦੀਆਂ ਬਾਕੀ ਦੋ ਭੈਣਾਂ ਵਿੱਚ ਇੱਕ ਆਈ.ਏ.ਐਸ. ਤੇ ਦੂਸਰੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਵਿੱਚ ਉੱਚ ਅਹੁੱਦੇ ਤੇ ਵਿਰਾਜਮਾਨ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਆਪਣੇ ਮੁਡਿੰਆਂ ਨੂੰ ਬਚਪਨ ਤੋਂ ਹੀ ਕੁੜੀਆਂ ਦੀ ਇਜ਼ਤ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਤਾਂ ਜੋ ਮੁੰਡਾ ਬੜਾ ਹੋ ਕੇ ਇੱਕ ਸੱਭਿਅਕ ਨਾਗਰਿਕ ਬਣ ਸਕੇ। ਉਹਨਾਂ ਕਿਹਾ ਕਿ ਇਹ ਬੜੀ ਦੁੱਖਦਾਈ ਅਤੇ ਚਿੰਤਾ ਵਾਲੀ ਗੱਲ ਹੈ ਕਿ ਅਜੋਕੇ ਸਮੇਂ ਸਾਡੇ ਸਮਾਜ ਵਿੱਚ ਬੱਚੀਆਂ ਅਤੇ ਔਰਤਾਂ ਤੇ ਅੱਤਿਆਚਾਰ ਤੇ ਬਲਾਤਕਾਰ ਵੱਧ ਰਹੇ ਹਨ ਜੋ ਕਿ ਸਾਡੇ ਸਮਾਜ ਦੇ ਮਾੜੇ ਪੱਖ ਨੂੰ ਦਰਸਾਉਂਦੇ ਹਨ। ਉਹਨਾਂ ਕਿਹਾ ਕਿ ਮਾਂ -ਬਾਪ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਜੋ ਆਸ ਤੇ ਉਮੀਦਾਂ ਉਹ ਕੁੜੀਆਂ ਤੋਂ ਕਰਦੇ ਹਨ ਉਹੀ ਆਸ ਤੇ ਉਮੀਦਾਂ ਮੁੰਡਿਆਂ ਤੋਂ ਵੀ ਰੱਖੀਆਂ ਜਾਣ ਤੇ ਉਹਨਾਂ ਨੂੰ ਇੱਕੋ ਤਰਾਂ ਦੀ ਇਖਲਾਕੀ ਅਤੇ ਸਮਾਜਿਕ ਸਿੱਖਿਆ ਦਿੱਤੀ ਜਾਵੇ।

ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਇਸ ਵਰ੍ਹੇ ਸਿੱਖਿਆ ਖੇਤਰ ਵਿੱਚ ਸਭ ਸਿਖਰਲੀਆਂ ਪੁਜੀਸ਼ਨਾਂ ਕੁੜੀਆਂ ਨੇ ਹਾਸਲ ਕੀਤੀਆਂ ਹਨ ਜੋ ਕਿ ਸਾਡੇ ਜਿਲ੍ਹੇ ਲਈ ਮਾਣ ਦੀ ਗੱਲ ਹੈ। ਉਹਨਾ ਦੱਸਿਆ ਕਿ ਅੰਤਰਰਾਸ਼ਟੀ ਬਾਲੜੀ ਦਿਵਸ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ‘ਸੈਲਫੀ ਵਿੱਦ ਡਾਟਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਸਰਕਾਰੀ ਅਧਿਕਾਰੀਆਂ ਦੇ ਨਾਲ ਸਮਾਜ ਦੇ ਹੋਰਨਾਂ ਨਾਗਰਿਕਾਂ ਦੀਆਂ ਆਪਣੀਆਂ ਬੇਟੀਆਂ ਨਾਲ ਲਈਆਂ ਗਈਆਂ ਤਸਵੀਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਦੇ ਸਮੂਹ ਸੋਸ਼ਲ ਮੀਡੀਅਮ ਮਾਧਿਅਮ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮਗਰੋਂ ਸਮਾਗਮ ਵਿੱਚ ਸ਼ਾਮਲ ਕੁੜੀਆਂ ਵੱਲੋਂ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਵਿੱਚ ਬੂਟੇ ਵੀ ਲਗਾਏ ਗਏ।

ਅੱਜ ਦੇ ਸਮਾਗਮ ਵਿੱਚ ਜਿਨ੍ਹਾਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਕਿਰਨਜੀਤ ਕੌਰ ਜੋ ਕਿ ਪਲੱਸ ਟੂ ਦੀ ਦੀ ਪ੍ਰੀਖਿਆ ਵਿੱਚ ਪੰਜਾਬ ਮੈਰਿਟ ਲਿਸਟ ਵਿੱਚ ਸ਼ਾਮਲ ਹੋਈ ਹੈ ਇਸਦੇ ਨਾਲ ਹੀ ਦਿਵਿਆ ਭੱਟੀ ਜੋ ਕਿ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੈ, ਜੈਸਮੀਨ ਕੌਰ ਸ਼ਾਟਪੁੱਟ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਵਿਦਿਆਰਥਣ ਹੈ l

ਇਸ ਤੋਂ ਇਲਾਵਾ ਖੁਸ਼ੀ ਸੈਣੀ ਜੋ ਕਿ 14ਵੀਆਂ ਏਸ਼ੀਅਨ ਗੇਮਜ਼ ਵਿੱਚ ਸ਼ੂਟਿੰਗ ਵਿੱਚ ਸਿਲਵਰ ਮੈਡਲਿਸਟ ਹੈ ,ਜੈਸਮੀਨ ਕੌਰ 14ਵੀਆਂ ਏਸ਼ੀਅਨ ਗੇਮਜ਼ ਵਿੱਚ ਸ਼ੂਟਿੰਗ ਵਿੱਚ ਗੋਲਡ ਮੈਡਲਿਸਟ ਰਹੀ lਇਸ ਤੋਂ ਇਲਾਵਾ ਅਮਨਦੀਪ ਕੌਰ ਸ਼ੂਟਿੰਗ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੈ ਦਾ ਵੀ ਸਨਮਾਨ ਕੀਤਾ ਗਿਆ l

ਇਨ੍ਹਾਂ ਵਿਦਿਆਰਥਣਾਂ ਤੋਂ ਇਲਾਵਾ ਡਾਕਟਰ ਆਰਤੀ ਵਰਮਾ ,ਸ੍ਰੀਮਤੀ ਰਿਤੂ ਬੀ.ਈ.ਈ, ਸ੍ਰੀਮਤੀ ਕੈਲਾਸ਼ ਠਾਕੁਰ ਜਿਸ ਨੇ ਕਿ 5 ਕਿਤਾਬਾਂ ਲਿਖੀਆਂ ਹਨ ਤੋਂ ਇਲਾਵਾ ਸ੍ਰੀਮਤੀ ਬਲਜਿੰਦਰ ਕੌਰ ,ਸਬ ਇੰਸਪੈਕਟਰ ਪੰਜਾਬ ਪੁਲਿਸ ਤੇ ਸ੍ਰੀਮਤੀ ਰਾਧਿਕਾ ਪਾਠਕ ਦਾ ਵੀ ਸਨਮਾਨ ਅੱਜ ਦੇ ਸਮਾਗਮ ਦੌਰਾਨ ਕੀਤਾ ਗਿਆ l