ਬੰਦ ਕਰੋ

ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੀਤੇ ਪ੍ਰਬੰਧਾਂ ਦਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਲਿਆ ਜਾਇਜ਼ਾ

ਪ੍ਰਕਾਸ਼ਨ ਦੀ ਮਿਤੀ : 05/04/2020
Cabinet Ministers visit.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 05 ਅਪ੍ਰੈਲ 2020

ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੀਤੇ ਪ੍ਰਬੰਧਾਂ ਦਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਲਿਆ ਜਾਇਜ਼ਾ

ਕਰਫਿਊ ਸਹੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਯਕੀਨੀ ਬਣਾਈ ਜਾਵੇ: ਵਿਜੈ ਇੰਦਰ ਸਿੰਗਲਾ

ਰੋਜ਼ਾਨਾ 4,000 ਲੋਕਾਂ ਤੱਕ ਪੱਕਿਆ ਭੋਜਨ ਪਹੁੰਚਾਉਣ ਲਈ ਡੇਰਾ ਬਿਆਸ ਦੇ ਪ੍ਰਬੰਧਕਾਂ ਦੀ ਵੀ ਕੀਤੀ ਸ਼ਲਾਘਾ

ਰੂਪਨਗਰ, 5 ਅਪ੍ਰੈਲ : ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਅਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਵਪਨ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਮੌਕੇ ਤੇ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਸ਼ਕਿਲ ਦੀ ਇਸ ਘੜੀ ਵਿਚ ਲੋਕਾਂ ਦੀ ਹਰ ਮੁੱਢਲੀ ਜ਼ਰੂਰਤ ਦਾ ਖਿਆਲ ਰੱਖਿਆ ਜਾਵੇ ਅਤੇ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਜੇਕਰ ਰਾਸ਼ਨ, ਦਵਾਈਆਂ, ਫ਼ਲ, ਸਬਜੀਆਂ ਆਦਿ ਲੋਕਾਂ ਦੀ ਪਹੁੰਚ ਲੋਕਾਂ ਦੇ ਘਰਾਂ ਤੱਕ ਹੋਵੇਗੀ ਤਾਂ ਹੀ ਕਰਫਿਊ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਆਪਣੇ ਦੌਰੇ ਦੌਰਾਨ ਉਨਾਂ ਸਥਾਨਕ ਪੁਲਿਸ ਲਾਈਨ ਦਾ ਦੌਰਾ ਕਰਕੇ ਪੁਲਿਸ ਵਿਭਾਗ ਵੱਲੋਂ ਹੈਲਪਲਾਈਨ ਨੰਬਰ 112 ਜ਼ਰੀਏ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦੀ ਵੀ ਸਮੀਖਿਆ ਕੀਤੀ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘਰ-ਘਰ ਜ਼ਰੂਰੀ ਵਸਤਾਂ ਦੀ ਪਹੰੁਚ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕਰਵਾਈ ਗਈ ਮੁਫ਼ਤ ਰਾਸ਼ਨ ਵੰਡ ਸਕੀਮ ਤਹਿਤ ਹਰ ਲੋੜਵੰਦ ਤੱਕ ਰਾਸ਼ਨ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਇਸਦੇ ਨਾਲ ਹੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਮਾਂ ਰਹਿੰਦੇ ਵੱਖ-ਵੱਖ ਥਾਂਵਾਂ ’ਤੇ ਏਕਾਂਤਵਾਸ ਕੇਂਦਰ ਸਥਾਪਿਤ ਕਰ ਲਏ ਜਾਣ ਤਾਂ ਜੋ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਵੱਖਰਾ ਰੱਖਿਆ ਜਾ ਸਕੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਹਿਮਾਚਲ ਪ੍ਰਦੇਸ਼ ਨਾਲ ਲਗਦੀ ਜ਼ਿਲੇ ਦੀ ਹੱਦ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਜਾਵੇ ਤਾਂ ਜੋ ਵਾਇਰਸ ਫੈਲਣ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਉਨਾਂ ਕਿਹਾ ਕਿ ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਲਈ ਇੱਕ ਵੈਂਟੀਲੇਟਰ ਖਰੀਦ ਲਿਆ ਗਿਆ ਹੈ ਜੋ ਕਿ ਜਲਦ ਹੀ ਚਾਲੂ ਕਰਵਾ ਦਿੱਤਾ ਜਾਵੇਗਾ।

ਸਿੱਖਿਆ ਮੰਤਰੀ ਨੇ ਸਮੂਹ ਐਸ.ਡੀ.ਐਮਜ਼. ਨੂੰ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਰਾਸ਼ਨ, ਦਵਾਈਆਂ, ਸਬਜੀਆਂ ਆਦਿ ਦੀ ਵੰਡ ਨੂੰ ਖੁਦ ਨਿਗਰਾਨੀ ਰੱਖਣ ਤਾਂ ਜੋ ਕਿਸੇ ਵੀ ਵਾਰਡ ਜਾਂ ਪਿੰਡ ’ਚੋਂ ਜ਼ਰੂਰੀ ਚੀਜ਼ਾਂ ਨਾ ਮਿਲਣ ਦੀ ਸ਼ਿਕਾਇਤ ਨਾ ਆਵੇ। ਉਨਾਂ ਕਿਹਾ ਕਿ ਇਸ ਕੰਮ ਲਈ ਜ਼ਮੀਨੀ ਪੱਧਰ ਤੱਕ ਅਧਿਕਾਰੀਆਂ, ਕਰਮਚਾਰੀਆਂ ਤੇ ਵਲੰਟੀਅਰਾਂ ਦੀਆਂ ਟੀਮਾਂ ਤੈਨਾਤ ਕਰ ਦਿੱਤੀਆਂ ਜਾਣ ਤਾਂ ਵੰਡ ਦੇ ਨਾਲ-ਨਾਲ ਸਹੀ ਫੀਡਬੈਕ ਵੀ ਪ੍ਰਾਪਤ ਕੀਤੀ ਜਾ ਸਕੇ।

ਕੈਬਨਿਟ ਮੰਤਰੀ ਵੱਲੋਂ ਇਸ ਮੌਕੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਸਥਾਨਕ ਡੇਰੇ ਦਾ ਵੀ ਦੌਰਾ ਕਰਕੇ ਪ੍ਰਬੰਧਕਾਂ ਵੱਲੋਂ ਰੋਜ਼ਾਨਾ ਲਗਭਗ 4,000 ਵਿਅਕਤੀਆਂ ਨੂੰ ਸਵੇਰ ਅਤੇ ਸ਼ਾਮ ਦਾ ਪੱਕਿਆ ਖਾਣਾ ਭੇਜਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ। ਉਨਾਂ ਕਿਹਾ ਕਿ ਪੂਰੇ ਵਿਸ਼ਵ ’ਤੇ ਆਈ ਕੋਰੋਨਾ ਵਾਇਰਸ ਦੀ ਆਪਦਾ ਮੌਕੇ ਮਨੁੱਖਤਾ ਦੀ ਸੇਵਾ ਲਈ ਹਰ ਮਨੁੱਖ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਡੇਰੇ ਦੇ ਪ੍ਰਬੰਧਕਾਂ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਇਹ ਖਾਣਾ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।

ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪਸ਼ਿਖਾ ,ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।