Close

On the occasion of the district-level function of the Republic Day, the tableaus of Punjab became the center of attraction

Publish Date : 26/01/2024
On the occasion of the district-level function of the Republic Day, the tableaus of Punjab became the center of attraction

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੀਆਂ ਝਾਕੀਆਂ ਬਣੀਆਂ ਖਿੱਚ ਦਾ ਕੇਂਦਰ

ਪੰਜਾਬ ਦੀਆਂ ਰਾਜ ਪੱਧਰੀ ਝਾਕੀਆਂ ਨੇ ਪਹਿਲਾ, ਖ਼ੇਤੀਬਾੜੀ ਵਿਭਾਗ ਦੀ ਝਾਕੀ ਨੇ ਦੂਜਾ ਅਤੇ ਮਗਨਰੇਗਾ ਦੀ ਝਾਕੀ ਨੇ ਹਾਸਲ ਕੀਤਾ ਤੀਜਾ ਸਥਾਨ

ਰੂਪਨਗਰ, 26 ਜਨਵਰੀ: ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਹੋਏ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਭੇਜੀਆਂ ਪੰਜਾਬ ਦੇ ਇਤਿਹਾਸ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ, ਅਮੀਰ ਵਿਰਸੇ, ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੇ ਸਟੇਡੀਅਮ ਵਿੱਚ ਮੌਜੂਦ ਹਰ ਦਰਸ਼ਕ ਦਾ ਧਿਆਨ ਖਿੱਚਿਆ।

ਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ 12 ਝਾਕੀਆਂ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਭੇਜੀ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਦਰਸਾਉਂਦੀ ਝਾਕੀ ਤੋਂ ਹੋਈ। ਇਸ ਵਿੱਚ ਜਲਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸ. ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ, ਕਾਮਾਗਾਟਾ ਮਾਰੂ ਦੀ ਘਟਨਾ ਦਿਖਾਇਆ ਗਿਆ।

ਪੰਜਾਬ ਸਰਕਾਰ ਵੱਲੋਂ ਭੇਜੀ ਦੂਜੀ ਝਾਕੀ ਰਾਹੀਂ ‘ਨਾਰੀ ਸ਼ਕਤੀ’ (ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ) ਅਤੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਸਿੱਖਿਅਤ ਬੱਚੀਆਂ ਵੱਲੋਂ ਅਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਨੂੰ ਬਾਖੂਬੀ ਦਰਸਾਇਆ ਗਿਆ। ਜਦਕਿ ਤੀਜੀ ਝਾਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਗਈ।

ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਤਹਿਤ ਸਿਹਤ ਵਿਭਾਗ ਦੀ ਸਿਹਤਮੰਦ ਪੰਜਾਬ ਤਹਿਤ 550 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲਾਂ ਦੇ ਹੋਏ ਕਾਇਆ ਕਲਪ ਅਤੇ ”ਸਿਹਤ ਸਹੂਲਤਾਂ ਤੁਹਾਡੇ ਦੁਆਰ, ਲੈ ਕੇ ਆਈ ਪੰਜਾਬ ਸਰਕਾਰ” ਤਹਿਤ ਸੂਬੇ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਨੂੰ ਦਰਸਾਇਆ ਗਿਆ। ਸਿੱਖਿਆ ਵਿਭਾਗ ਦੀ ਕੱਢੀ ਝਾਕੀ ਵਿੱਚ ਪੰਜਾਬ ਸਰਕਾਰ ਦੁਆਰਾ ਖੋਲ੍ਹੇ ਗਏ ਸਕੂਲ ਆਫ਼ ਐਮੀਨੈਂਸ ਸਬੰਧੀ ਜਾਣਕਾਰੀ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਜਾਗਰ ਕੀਤਾ ਗਿਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਆਏ ਜ਼ੀਰੋ ਬਿਜਲੀ ਦੇ ਬਿੱਲ ਨੂੰ ਦਰਸਾਇਆ ਗਿਆ। ਵਣ ਮੰਡਲ ਵਿਭਾਗ ਵੱਲੋਂ ਹਰੇਕ ਟਿਊਬਵੈੱਲ ਤੇ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਵਣ ਮੰਡਲ ਰੂਪਨਗਰ ਅਧੀਨ ਕੀਤੇ ਕੰਮ ਨੂੰ ਉਜਾਗਰ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਕੰਮਾਂ ਨੂੰ ਦਰਸਾਉਣ ਲਈ ਇਹ ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਇਨ੍ਹਾਂ ਝਾਕੀਆਂ ਵਿੱਚ ਪੰਜਾਬ ਦੀਆਂ ਰਾਜ ਪੱਧਰੀ ਝਾਕੀਆਂ ਨੇ ਪਹਿਲਾ ਸਥਾਨ, ਖ਼ੇਤੀਬਾੜੀ ਵਿਭਾਗ ਦੀ ਝਾਕੀ ਨੇ ਦੂਜਾ ਅਤੇ ਮਗਨਰੇਗਾ ਦੀ ਝਾਕੀ ਨੇ ਤੀਜਾ ਸਥਾਨ ਹਾਸਲ ਕੀਤਾ।