An event on the topic ‘Ujjwal Bharat-Ujjwal Bhavishya’ at Government College Rupnagar under the Azadi ka Amrit Mahotsav

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਉਜਵਲ ਭਾਰਤ ਉਜਵਲ ਭਵਿੱਖ ਤਹਿਤ ਦੇਸ਼ ਬੁਲੰਦੀਆਂ ਦੇ ਰਾਹ: ਡਾ. ਪ੍ਰੀਤੀ ਯਾਦਵ
ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ
ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ
ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਰਕਾਰੀ ਕਾਲਜ ਰੂਪਨਗਰ ਵਿਖੇ ਉਜਵਲ ਭਾਰਤ ਉਜਵਲ ਭਵਿੱਖ ਵਿਸ਼ੇ ‘ਤੇ ਸਮਾਗਮ
ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ
ਖਪਤਕਾਰਾਂ ਨੇ ਆਪਣੇ ਵਿਚਾਰ ਕੀਤੇ ਸਾਂਝੇ; ਸਰਕਾਰ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ
ਰੂਪਨਗਰ, 27 ਜੁਲਾਈ – ਉਜਵਲ ਭਾਰਤ ਉਜਵਲ ਭਵਿੱਖ: ਊਰਜਾ 2047 ਤਹਿਤ ਬਿਜਲੀ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ, ਨੈਸ਼ਨਲ ਪਾਵਰ ਟਰੇਨਿੰਗ ਇੰਸਟੀਚਿਊਟ ਅਤੇ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਸੰਯੁਕਤ ਰੂਪ ਵਿਚ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਸਹੂਲਤਾਂ ਦੇਣ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੇ ਹਨ ਤੇ ਖਪਤਕਾਰਾਂ ਨੂੰ ਨਿਰਵਿਗਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਉਜਵਲ ਭਾਰਤ ਉਜਵਲ ਭਵਿੱਖ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੇਸ਼ ਤਰੱਕੀ ਦੇ ਰਾਹ ਉਤੇ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਰਕਾਰੀ ਕਾਲਜ, ਰੂਪਨਗਰ ਵਿਖੇ ਉਜਵਲ ਭਾਰਤ ਉਜਵਲ ਭਵਿੱਖ ਵਿਸ਼ੇ ‘ਤੇ ਕਰਵਾਏ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ। ਇਸੇ ਤਰ੍ਹਾਂ ਦਾ ਸਮਾਗਮ 29 ਜੁਲਾਈ ਨੂੰ ਵਿਰਾਸਤ-ਏ-ਖ਼ਾਲਸਾ ਦੇ ਆਡੀਟੋਰੀਅਮ ਵਿੱਚ ਵੀ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਉਹ ਬਹੁਤ ਛੋਟੇ ਹੁੰਦੇ ਸਨ ਤਾਂ ਬਿਜਲੀ ਸਬੰਧੀ ਬਹੁਤ ਦਿੱਕਤ ਹੁੰਦੀ ਸੀ ਪਰ ਹੁਣ ਹਾਲਾਤ ਬਹੁਤ ਜ਼ਿਆਦਾ ਬਦਲ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਰੋਪੜ ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੀਆਂ ਲਾਈਨਾਂ, ਟ੍ਰਾਂਸਫਾਰਮਰ ਆਦਿ ਬਦਲੇ ਗਏ ਹਨ। ਖੇਤੀਬਾੜੀ ਲਈ ਵੀ ਬਿਜਲੀ ਸਪਲਾਈ ਸੁਚੱਜੇ ਢੰਗ ਨਾਲ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਵੱਡੇ ਪੱਧਰ ਉੱਤੇ ਸੋਲਰ ਊਰਜਾ ਵੱਲ ਮੁੜ ਰਹੇ ਹਨ ਤੇ ਸੋਲਰ ਪੰਪ ਵੀ ਕਾਫੀ ਲੱਗੇ ਹਨ। ਉਹਨਾਂ ਨੇ ਖ਼ਪਤਕਾਰਾਂ ਨੂੰ ਬੇਨਤੀ ਕੀਤੀ ਕਿ ਬਿਜਲੀ ਦੀ ਸਹੀ ਵਰਤੋਂ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ। ਉਹਨਾਂ ਕਿਹਾ ਕਿ ਮੌਜੂਦਾ ਪੀੜ੍ਹੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤ ਛੱਡ ਕੇ ਜਾਣੇ ਹਨ। ਡਾ. ਪ੍ਰੀਤੀ ਯਾਦਵ ਨੇ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ। ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਵਿਦਿਅਰਥੀਆਂ ਨੇ ਵੱਖੋ-ਵੱਖ ਗਤੀਵਿਧੀਆਂ ਨਾਲ ਬਹੁਤ ਚੰਗਾ ਸੁਨੇਹਾ ਦਿੱਤਾ ਹੈ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੇ ਫੈਸਲੇ ਨਾਲ ਸਤੰਬਰ ਮਹੀਨੇ ਤੋਂ ਸੂਬੇ ਦੇ ਲਗਭਗ 51 ਲੱਖ ਘਰਾਂ ਦਾ ਬਿਜਲੀ ਬਿਲ ਜ਼ੀਰੋ ਆਵੇਗਾ।
ਪੰਜਾਬ ਸਰਕਾਰ ਨੇ 01 ਜੁਲਾਈ, 2022 ਤੋਂ ਸੂਬੇ ਦੇ ਹਰ ਘਰ ਨੂੰ ਹਰੇਕ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੇ ਕੀਤੇ ਫੈਸਲੇ ਨੂੰ ਲਾਗੂ ਕੀਤਾ। ਸੂਬੇ ਦੇ ਸਾਰੇ ਘਰੇਲੂ ਖਪਤਕਾਰਾਂ ਦੀ ਬਿਜਲੀ ਦੀ ਖਪਤ ਜੇਕਰ ਹਰੇਕ ਬਿੱਲ ‘ਤੇ 600 ਯੂਨਿਟ ਤੱਕ ਹੈ ਤਾਂ ਉਹ ਜ਼ੀਰੋ ਬਿੱਲ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ, ਆਜ਼ਾਦੀ ਦੇ 75 ਸਾਲ, ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਦੀ ਪਹਿਲ ਹੈ।
ਇਹ ਮਹਾਂਉਤਸਵ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ।
ਇਸ ਤੋਂ ਪਹਿਲਾਂ ਸੁਰਿੰਦਰ ਕੁਮਾਰ, ਡਾਇਰੈਕਟਰ ਐਨ. ਪੀ. ਟੀ. ਆਈ. ਅਤੇ ਡਿਪਟੀ ਚੀਫ਼ ਇੰਜੀਨੀਅਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਉਤਪਾਦਨ ਸਮਰੱਥਾ 2014 ਵਿੱਚ 2,48,554 ਮੈਗਾਵਾਟ ਤੋਂ ਵਧਾ ਕੇ ਅੱਜ 4,00,000 ਮੈਗਾਵਾਟ ਹੋ ਗਈ ਜੋ ਸਾਡੀ ਮੰਗ ਨਾਲੋਂ 1,85,000 ਮੈਗਾਵਾਟ ਵੱਧ ਹੈ। ਭਾਰਤ ਹੁਣ ਆਪਣੇ ਗੁਆਂਢੀ ਦੇਸ਼ਾਂ ਨੂੰ ਬਿਜਲੀ ਨਿਰਯਾਤ ਕਰ ਰਿਹਾ ਹੈ। 01,63,000 ਸਰਕਟ ਕਿਲੋਮੀਟਰ ਟਰਾਂਸਮਿਸ਼ਨ ਲਾਈਨਾਂ ਨੂੰ ਜੋੜਿਆ ਤੇ ਪੂਰੇ ਦੇਸ਼ ਨੂੰ ਇੱਕ ਗਰਿਡ ਨਾਲ ਜੋੜਿਆ ਗਿਆ ਹੈ। ਲੱਦਾਖ ਤੋਂ ਕੰਨਿਆਕੁਮਾਰੀ ਤੱਕ ਅਤੇ ਕੱਛ ਤੋਂ ਮਿਆਂਮਾਰ ਦੀ ਸਰਹੱਦ ਤੱਕ ਇਹ ਦੁਨੀਆਂ ਦਾ ਸਭ ਤੋਂ ਵੱਡਾ ਏਕੀਕ੍ਰਿਤ ਗਰਿੱਡ ਬਣ ਕੇ ਉਭਰਿਆ ਹੈ। ਇਸ ਗਰਿੱਡ ਦੀ ਵਰਤੋਂ ਕਰ ਕੇ 1,12,000 ਮੈਗਾਵਾਟ ਬਿਜਲੀ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪੁੱਜ ਸਕਦੀ ਹੈ।
ਅੱਜ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ 1,63,000 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਦੇਸ਼ ਅੱਜ ਦੁਨੀਆਂ ਵਿੱਚ ਤੇਜ਼ੀ ਨਾਲ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਸਥਾਪਿਤ ਕਰ ਰਿਹਾ ਹੈ।
02 ਲੱਖ 1,722 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਪਿਛਲੇ ਪੰਜ ਸਾਲਾਂ ਵਿੱਚ ਵੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2,921 ਨਵੇਂ ਸਬ-ਸਟੇਸ਼ਨ ਬਣਾ ਕੇ, 3,926 ਸਬ-ਸਟੇਸ਼ਨਾਂ ਨੂੰ ਵਧਾ ਕੇ, 6,04,465 ਈ.ਕੇ.ਐਮ. ਐਲ.ਟੀ.ਲਾਈਨਾਂ ਸਥਾਪਤ ਕਰਕੇ, 2,68,8138 ਕੇ.ਵੀ.ਐਚ. ਟੀ. ਲਾਈਨਾਂ, 1,22,123 ਸੀ.ਕੇ.ਐਮ. ਦਾ ਫੀਡਰ ਵੱਖਰਾ ਤੇ ਖੇਤੀਬਾੜੀ ਫੀਡਰ ਅਤੇ ਇੰਸਟਾਲ ਕਰਨਾ ਸ਼ਾਮਿਲ ਹੈ। 2015 ਵਿੱਚ ਪੇਂਡੂ ਖੇਤਰਾਂ ਵਿੱਚ ਸਪਲਾਈ ਦੇ ਔਸਤ ਘੰਟੇ 12.5 ਘੰਟੇ ਸਨ ਜੋ ਹੁਣ ਵਧ ਕੇ ਔਸਤ 22.5 ਘੰਟੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ 2047 ਵਿੱਚ ਭਾਰਤ ਦੀ ਆਜ਼ਾਦੀ ਨੂੰ ਸੌ ਸਾਲ ਪੂਰੇ ਹੋਣ ਸਬੰਧੀ ਦੇਸ਼ ਅਤੇ ਰਾਜ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਦਸਤਾਵੇਜ਼ੀ ਫਿਲਮਾਂ, ਨੁੱਕੜ ਨਾਟਕਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਖਪਤਕਾਰਾਂ ਨੇ ਆਪਣੇ ਵਿਚਾਰ ਕੀਤੇ ਸਾਂਝੇ ਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਮਨਜੀਤ ਸਿੰਘ ਮਾਨ, ਐਕਸੀਅਨ ਪੀ.ਐਸ.ਪੀ. ਸੀ.ਐਲ. ਅਮਨ ਗੁਪਤਾ, ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ, ਪ੍ਰੋਫੈਸਰ ਨਿਰਮਲ ਸਿੰਘ ਬਰਾੜ, ਪ੍ਰੋਫੈਸਰ ਜਤਿੰਦਰ ਸਿੰਘ, ਸਹਾਇਕ ਡਾਇਰੈਕਟਰ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਸੌਰਭ ਮਹਾਜਨ, ਡਿਪਟੀ ਡਾਇਰੈਕਟਰ ਕਮਾਲ ਨਾਸਿਰ, ਸੀਨੀਅਰ ਐਕਸੀ ਐਨ ਅਮਿਤ ਗੁਪਤਾ, ਸਤਵੰਤ ਸਿੰਘ ਤੇ ਹਰਿੰਦਰਜੀਤ ਸਿੰਘ ਸਮੇਤ ਵੱਖੋ-ਵੱਖ ਅਧਿਕਾਰੀ, ਬਿਜਲੀ ਬੋਰਡ ਦੇ ਮੁਲਾਜ਼ਮ, ਕਾਲਜ ਦਾ ਸਟਾਫ ਤੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਲਾਭਪਾਤਰੀ ਹਾਜ਼ਰ ਸਨ।